ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਬਲੈਡਰ ਕੈਂਸਰ ਦਾ ਖ਼ਤਰਾ ਚਾਰ ਗੁਣਾ ਵੱਧ

03/18/2023 6:57:19 PM

ਨਵੀਂ ਦਿੱਲੀ- ਸਿਗਰਟਨੋਸ਼ੀ ਕਰਨ ਵਾਲਿਆਂ ਵਿਚ ਬਲੈਡਰ ਕੈਂਸਰ ਦਾ ਖ਼ਤਰਾ ਚਾਰ ਗੁਣਾ ਵੱਧ ਹੁੰਦਾ ਹੈ। ਗਲੋਬੋਕੋਨ 2020 ਦੇ ਅਨੁਸਾਰ, ਇਹ ਕੈਂਸਰ ਭਾਰਤ ਵਿਚ 17ਵਾਂ ਸਭ ਤੋਂ ਵੱਧ ਆਮ ਹੈ। ਇਸ ਕਾਰਨ ਦੇਸ਼ ਵਿਚ ਹਰ ਸਾਲ 11 ਹਜ਼ਾਰ ਤੋਂ ਵੱਧ ਲੋਕ ਮਰ ਰਹੇ ਹਨ। 

ਨਵੀਂ ਦਿੱਲੀ ਸਥਿਤ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਨੇ ਪਿਸ਼ਾਬ ਬਲੈਡਰ ਕੈਂਸਰ ਦੇ ਇਲਾਜ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ, ਜਿਸ 'ਤੇ ਫੀਡਬੈਕ ਮੰਗਿਆ ਗਿਆ ਹੈ। ਇਸ ਵਿਚ ਜਾਂਚ ਤੋਂ ਲੈ ਕੇ ਇਲਾਜ ਤਕ ਦੇ ਨਿਯਮ ਸ਼ਾਮਲ ਹਨ, ਜਿਸ ਨਾਲ ਜ਼ਿਲ੍ਹਾ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿਚ ਤਾਇਨਾਤ ਸਿਹਤ ਕਰਮਚਾਰੀਆਂ ਲਈ ਇਲਾਜ ਮੁਹੱਈਆ ਕਰਵਾਉਣਾ ਆਸਾਨ ਹੋ ਜਾਵੇਗਾ।

ਆਈ.ਸੀ.ਐੱਮ.ਆਰ. ਦੇ ਇਕ ਸੀਨੀਅਰ ਵਿਗਿਆਨੀ ਨੇ ਦੱਸਿਆ ਕਿ ਦੇਸ਼ ਵਿਚ ਪ੍ਰਤੀ ਇਕ ਲੱਖ ਆਬਾਦੀ ਪਿੱਛੇ 3.57 ਲੋਕ ਬਲੈਡਰ ਕੈਂਸਰ ਤੋਂ ਪੀੜਤ ਹਨ। ਔਰਤਾਂ ਦੇ ਮੁਕਾਬਲੇ ਮਰਦ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਇਸ ਕੈਂਸਰ ਦੇ ਸਭ ਤੋਂ ਵੱਧ ਮਰੀਜ਼ ਦਿੱਲੀ ਵਿਚ ਪਾਏ ਜਾਂਦੇ ਹਨ। ਇੱਥੇ ਇਕ ਲੱਖ ਦੀ ਆਬਾਦੀ 'ਤੇ 7.4 ਲੋਕ ਬਲੈਡਰ ਕੈਂਸਰ ਦੇ ਸ਼ਿਕਾਰ ਹਨ। ਇਸ ਤੋਂ ਬਾਅਦ ਤਿਰੂਵਨੰਤਪੁਰਮ (4.9) ਅਤੇ ਕੋਲਕਾਤਾ (4.0) ਹਨ। ਡਿਬਰੂਗੜ੍ਹ (1.1) ਸਭ ਤੋਂ ਘੱਟ ਹੈ। ਦੂਜੇ ਪਾਸੇ ਔਰਤਾਂ ਦੀ ਗੱਲ ਕਰੀਏ ਤਾਂ ਇਸ ਵਿਚ ਵੀ ਦਿੱਲੀ ਸਭ ਤੋਂ ਅੱਗੇ ਹੈ। ਇੱਥੇ ਇਕ ਲੱਖ ਆਬਾਦੀ 'ਤੇ 1.7 ਔਰਤਾਂ ਨੂੰ ਬਲੈਡਰ ਕੈਂਸਰ ਦੀ ਸ਼ਿਕਾਇਤ ਹੈ। ਇਸ ਤੋਂ ਬਾਅਦ ਮੁੰਬਈ (1.1) ਅਤੇ ਮਿਜ਼ੋਰਮ (1.1) ਦਾ ਨੰਬਰ ਆਉਂਦਾ ਹੈ।

ਮੈਟਰੋ ਸ਼ਹਿਰਾਂ 'ਚ ਤੇਜ਼ੀ ਨਾਲ ਫੈਲ ਰਿਹਾ ਹੈ : ICMR ਦੇ ਅਨੁਸਾਰ, ਇਹ ਕੈਂਸਰ ਦਿੱਲੀ, ਬੈਂਗਲੁਰੂ ਅਤੇ ਮੁੰਬਈ ਵਰਗੇ ਸ਼ਹਿਰਾਂ ਵਿਚ ਲਗਾਤਾਰ ਵੱਧ ਰਿਹਾ ਹੈ ਜਦੋਂ ਕਿ ਚੇਨਈ ਵਿਚ ਕਮੀ ਆਈ ਹੈ। ਤੰਬਾਕੂ ਅਤੇ ਸਿਗਰਟਨੋਸ਼ੀ ਇਸ ਦੇ ਮੁੱਖ ਕਾਰਨ ਹਨ। ਇਸ ਦੇ ਨਾਲ ਹੀ, ਤੰਬਾਕੂਨੋਸ਼ੀ ਨਾ ਕਰਨ ਵਾਲੇ ਮਰਦਾਂ ਵਿਚ ਇਸ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ 31% ਹਨ।

ਦਿਸ਼ਾ-ਨਿਰਦੇਸ਼ਾਂ ਵਿੱਚ MRI ਟੈਸਟ ਸ਼ਾਮਲ ਹੈ ICMR ਦੇ ਇਕ ਸਮੂਹ ਨੇ 45-ਪੰਨਿਆਂ ਦੇ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ ਜਿਸ ਵਿਚ MRI ਨੂੰ ਸ਼ੁਰੂਆਤੀ ਟੈਸਟ ਵਜੋਂ ਤਰਜੀਹ ਦਿੱਤੀ ਗਈ ਹੈ। ਮਾਹਿਰਾਂ ਅਨੁਸਾਰ ਜ਼ਿਆਦਾਤਰ ਮਾਮਲਿਆਂ ਵਿਚ ਇਸ ਕੈਂਸਰ ਵਿਚ ਦਰਦ ਦੀ ਸ਼ਿਕਾਇਤ ਘੱਟ ਹੁੰਦੀ ਹੈ। ਇਸਦੀ ਮੁੱਢਲੀ ਜਾਂਚ MRI/CT ਰਾਹੀਂ ਕੀਤੀ ਜਾ ਸਕਦੀ ਹੈ। ਜੇਕਰ ਟਿਊਮਰ ਸਾਫ਼ ਦਿਖਾਈ ਦੇ ਰਿਹਾ ਹੈ ਤਾਂ ਟਰਾਂਸ ਯੂਰੇਥਰਲ ਰਿਸੈਕਸ਼ਨ ਕੀਤਾ ਜਾਣਾ ਚਾਹੀਦਾ ਹੈ। ਜੇ ਮਰੀਜ਼ ਸਰਜਰੀ ਲਈ ਢੁਕਵਾਂ ਨਹੀਂ ਹੈ ਤਾਂ ਕੀਮੋ ਜਾਂ ਰੇਡੀਏਸ਼ਨ ਇਕ ਬਦਲ ਹੋ ਸਕਦਾ ਹੈ।


Rakesh

Content Editor

Related News