ਅਗਲੇ ਰਾਸ਼ਟਰਪਤੀ ਲਈ ਦੌੜ ਸ਼ੁਰੂ, ਗੁਲਾਮ ਨਬੀ ਅਤੇ ਫਾਰੂਕ ਅਬਦੁੱਲਾ ਦੇ ਨਾਵਾਂ ’ਤੇ ਚਰਚਾ

Thursday, Jun 16, 2022 - 01:05 PM (IST)

ਅਗਲੇ ਰਾਸ਼ਟਰਪਤੀ ਲਈ ਦੌੜ ਸ਼ੁਰੂ, ਗੁਲਾਮ ਨਬੀ ਅਤੇ ਫਾਰੂਕ ਅਬਦੁੱਲਾ ਦੇ ਨਾਵਾਂ ’ਤੇ ਚਰਚਾ

ਨੈਸ਼ਨਲ ਡੈਸਕ- ਭਾਜਪਾ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਕਦੋਂ ਕਰੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਸਮਤ ਵਾਲੀ ਪਸੰਦ ਕੌਣ ਹੋਵੇਗਾ? ਇਹ ਦੋ ਅਹਿਮ ਸਵਾਲ ਹਨ ਅਤੇ ਭਾਜਪਾ ਵਿਚ ਕੋਈ ਵੀ ਇਸ ਬਾਰੇ ਕੁਝ ਨਹੀਂ ਜਾਣਦਾ। ਭਾਜਪਾ ਪ੍ਰਧਾਨ ਜੇ. ਪੀ. ਨੱਢਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਜਿਨ੍ਹਾਂ ਨੂੰ ਸਾਰੀਆਂ ਸਿਆਸੀ ਪਾਰਟੀਆਂ ਨਾਲ ਗੱਲਬਾਤ ਕਰਨ ਲਈ ਨਿਯੁਕਤ ਕੀਤਾ ਗਿਆ ਹੈ, ਨੂੰ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਦੇ ਵੱਕਾਰੀ ਅਹੁਦੇ ਲਈ ਨਾਵਾਂ ਦਾ ਕੋਈ ਪੈਨਲ ਨਹੀਂ ਦਿੱਤਾ ਗਿਆ।

ਨੱਢਾ ਅਤੇ ਰਾਜਨਾਥ ਅਗਲੇ ਦਿਨਾਂ ’ਚ ਵੱਖ-ਵੱਖ ਪਾਰਟੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਰਾਏ ਲੈਣਗੇ। ਉਨ੍ਹਾਂ ਨੂੰ ਪਾਰਟੀਆਂ ਤੋਂ ਪੁੱਛਣ ਦਾ ਕੰਮ ਵੀ ਸੌਂਪਿਆ ਗਿਆ ਹੈ ਕਿ ਕੀ ਉਨ੍ਹਾਂ ਕੋਲ ਇਸ ਅਹੁਦੇ ਲਈ ਕੋਈ ਨਾਂ ਹੈ ਅਤੇ ਜੇ ਹੈ ਤਾਂ ਕੀ ਉਹ ਸੱਤਾਧਾਰੀ ਪਾਰਟੀ ਨਾਲ ਉਸ ਨੂੰ ਸਾਂਝਾ ਕਰਨਗੇ? ਇਸ ਤੋਂ ਬਾਅਦ ਭਾਜਪਾ ਮੁਲਾਂਕਣ ਕਰੇਗੀ ਅਤੇ ਫਿਰ ਕੋਈ ਸਿੱਟਾ ਕੱਢੇਗੀ। ਸੰਭਾਵਨਾ ਹੈ ਕਿ 23-24 ਜੂਨ ਜਾਂ 27 ਜੂਨ ਨੂੰ ਭਾਜਪਾ ਵੱਲੋਂ ਕਿਸੇ ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ।

ਬੁੱਧਵਾਰ ਕਾਂਸਟੀਚਿਊਸ਼ਨ ਕਲੱਬ ਵਿਖੇ 16 ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਈ। ਇਸ ’ਚ ਉਮੀਦਵਾਰ ਦੇ ਨਾਂ ’ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਟੀ. ਆਰ. ਐੱਸ., ਬੀਜੂ ਜਨਤਾ ਦਲ, ਵਾਈ. ਐੱਸ ਈਰ. ਕਾਂਗਰਸ, ‘ਆਪ’, ਏ. ਆਈ. ਐੱਮ. ਆਈ. ਐੱਮ ਅਤੇ ਹੋਰ ਵਿਰੋਧੀ ਪਾਰਟੀਆਂ ਜੋ ਇਸ ਵਿਚ ਸ਼ਾਮਲ ਨਹੀਂ ਹੋਈਆਂ, ਤੋਂ ਇਲਾਵਾ ਹੋਰਨਾਂ ਨਾਲ ਵੀ ਭਾਜਪਾ ਦੇ ਉਕਤ ਦੋ ਆਗੂਆਂ ਵਲੋਂ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ ਤਾਂ ਜੋ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਬਾਰੇ ਸੁਝਾਅ ਲਏ ਜਾ ਸਕਣ। ਐਨ. ਸੀ. ਪੀ. ਆਗੂ ਸ਼ਰਦ ਪਵਾਰ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਰਾਸ਼ਟਰਪਤੀ ਦੇ ਅਹੁਦੇ ਲਈ ਵਿਰੋਧੀ ਧੜੇ ਵਿਚ ਕਈ ਨਾਵਾਂ ਦੀ ਚਰਚਾ ਹੋ ਰਹੀ ਹੈ।

ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਫਾਰੂਕ ਅਬਦੁੱਲਾ ਦੇ ਨਾਵਾਂ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਗ਼ੁਲਾਮ ਨਬੀ ਇਕ ਵਿਵਾਦ ਰਹਿਤ ਅਤੇ ਮਿਲਣਸਾਰ ਵਿਅਕਤੀ ਹਨ, ਜਿਨ੍ਹਾਂ ਦੇ ਨਾਂ ’ਤੇ ਆਮ ਸਹਿਮਤੀ ਹੈ। ਸ਼ਰਦ ਪਵਾਰ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਅਸੀਂ ਆਜ਼ਾਦ ਦੇ ਨਾਂ ਦੇ ਖਿਲਾਫ ਨਹੀਂ ਹਾਂ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ. ਐੱਮ. ਸੀ. ਨੇਤਾ ਮਮਤਾ ਬੈਨਰਜੀ ਵਲੋਂ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਦਾ ਨਾਂ ਸੁਝਾਇਆ ਗਿਆ ਹੈ। ਖੱਬੀਆਂ ਪਾਰਟੀਆਂ ਮਹਾਤਮਾ ਗਾਂਧੀ ਦੇ ਪੋਤੇ ਗੋਪਾਲ ਕ੍ਰਿਸ਼ਨ ਗਾਂਧੀ ਨੂੰ ਪਸੰਦ ਕਰਦੀਆਂ ਹਨ।


author

Tanu

Content Editor

Related News