ਰਾਹਤ : ਟੀ.ਬੀ., ਦਿਲ ਦੇ ਰੋਗ, ਕੈਂਸਰ, ਸ਼ੂਗਰ ਸਮੇਤ 384 ਜ਼ਰੂਰੀ ਦਵਾਈਆਂ ਦੀ ਘਟੇਗੀ ਕੀਮਤ
Wednesday, Nov 16, 2022 - 01:38 AM (IST)
ਨਵੀਂ ਦਿੱਲੀ (ਇੰਟ.) : ਗੰਭੀਰ ਬੀਮਾਰੀ ਨਾਲ ਜੂਝ ਰਹੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਕੇਂਦਰ ਸਰਕਾਰ ਨੇ ਦਵਾਈ ਕੰਪਨੀਆਂ ਨੂੰ ਟੀ. ਬੀ, ਦਿਲ ਦੇ ਰੋਗ, ਕੈਂਸਰ, ਸ਼ੂਗਰ ਸਮੇਤ 384 ਜ਼ਰੂਰੀ ਦਵਾਈਆਂ ਦੀ ਕੀਮਤ ਘੱਟ ਕਰਨ ਦਾ ਨਿਰਦੇਸ਼ ਦਿੱਤਾ ਹੈ। ਸਰਕਾਰ ਨੇ ਇਨ੍ਹਾਂ ਜ਼ਰੂਰੀ ਦਵਾਈਆਂ ਨੂੰ ਰਾਸ਼ਟਰੀ ਜ਼ਰੂਰੀ ਦਵਾਈਆਂ ਦੀ ਸੂਚੀ (ਐੱਨ. ਐੱਲ. ਈ. ਐੱਮ.) ਵਿਚ ਸ਼ਾਮਲ ਕਰਨ ਦਾ ਹੁਕਮ ਦਿੱਤਾ ਹੈ। ਇਸ ਅਹਿਮ ਫੈਸਲੇ ਨਾਲ ਆਉਣ ਵਾਲੇ ਦਿਨਾਂ ’ਚ ਕਈ ਬੀਮਾਰੀਆਂ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ। ਇਨ੍ਹਾਂ ’ਚ ਪੇਟੈਂਟ ਦਵਾਈਆਂ ਵੀ ਸ਼ਾਮਲ ਹਨ। ਦਿੱਤੀ ਗਈ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵਲੋਂ ਅਜਿਹੀਆਂ ਹਈ 384 ਅਹਿਮ ਜੀਵਨ ਰੱਖਿਅਕ ਦਵਾਈਆਂ ਨੂੰ ਨੋਟੀਫਾਈਡ ਕਰ ਕੇ ਉਨ੍ਹਾਂ ਨੂੰ ਮੁੱਲ ਕੰਟਰੋਲ ਦੇ ਘੇਰੇ ’ਚ ਲਿਆਂਦਾ ਗਿਆ ਹੈ।
ਸਾਰੇ ਹਸਪਤਾਲਾਂ ’ਚ ਸਟਾਕ ਰੱਖਣਾ ਜ਼ਰੂਰੀ
ਕੇਂਦਰ ਸਰਕਾਰ ਵਲੋਂ ਨੋਟੀਫਾਈਡ ਇਸ ਸੋਧੀ ਸੂਚੀ ਦੇ ਨਾਲ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਇਨ੍ਹਾਂ ਦਵਾਈਆਂ ਦਾ ਇਕ ਵੱਡਾ ਸਟਾਕ ਰੱਖਣਾ ਜ਼ਰੂਰੀ ਹੈ। ਇਸ ਨਾਲ ਹਸਪਤਾਲ ’ਚ ਇਲਾਜਾ ਕਰਵਾਉਣ ਵਾਲੇ ਰੋਗੀਆਂ ਨੂੰ ਮੁਫਤ ’ਚ ਇਹ ਦਵਾਈਆਂ ਮਿਲ ਸਕਣਗੀਆਂ। ਸੂਚੀ ’ਚ 34 ਵਾਧੂ ਦਵਾਈਆਂ ਹਨ, ਜਦ ਕਿ ਰੈਨੀਟਿਡੀਨ, ਏਟੇਨੋਲੋਲ ਅਤੇ ਮੇਥੀਲਡੋਪਾ ਵਰਗੀਆਂ 26 ਦਵਾਈਆਂ ਨੂੰ ਹਟਾ ਦਿੱਤਾ ਗਿਆ ਹੈ। ਦਵਾਈਆਂ ਨੂੰ ਉਨ੍ਹਾਂ ਦੀ ਲਾਗਤ, ਲੋੜ ਅਤੇ ਉਪਲਬਧਤਾ ਦੇ ਆਧਾਰ ’ਤੇ ਜੋੜਿਆ ਜਾਂ ਹਟਾਇਆ ਜਾਂਦਾ ਹੈ।
ਸੂਚੀ ’ਚ ਇਨ੍ਹਾਂ ਪ੍ਰਮੁੱਖ ਦਵਾਈਆਂ ਨੂੰ ਕੀਤਾ ਗਿਆ ਸ਼ਾਮਲ
ਜ਼ਰੂਰੀ ਦਵਾਈਆਂ ਦੀ ਸੂਚੀ ’ਚ ਐਨਸਥੀਸੀਆ ’ਚ ਵਰਤੀਆਂ ਜਾਣ ਵਾਲੀਆਂ ਦਵਾਈਆਂ, ਅੱਖਾਂ ਸਬੰਧੀ ਦਵਾਈਆਂ, ਇਮਿਊਨੋਸਪ੍ਰੈਸਿਵ ਸਮੇਤ ਕੈਂਸਰ ਦੀਆਂ ਦਵਾਈਆਂ, ਦਰਦ ਦੀਆਂ ਦਵਾਈਆਂ, ਗਠੀਏ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ, ਨਾੜੀਆਂ ਸਬੰਧੀਆਂ ਬੀਮਾਰੀਆਂ ਅਤੇ ਦਿਲ ਸਬੰਧੀ ਦਵਾਈਆਂ ’ਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਸ਼ੇ ਦੀ ਆਦਤ ਛੁਡਵਾਉਣ ਵਾਲੀਆਂ ਦਵਾਈਆਂ ਜਿਵੇਂ ਬੁਪ੍ਰੇਨੋਰਫਿਨ, ਨਿਕੋਟਿਨ ਰਿਪਲੇਸਮੈਂਟ ਥੈਰੇਪੀ, ਦਿਲ ਦੇ ਰੋਗਾਂ ਅਤੇ ਸਟ੍ਰੋਕ ’ਚ ਕੰਮ ਆਉਣ ਵਾਲੀ ਡੀਬਿਗਾਟ੍ਰਾਨ ਅਤੇ ਇੰਜੈਕਸ਼ਨ ਟੇਨੇਕਟੇ ਪਲੱਸ ਨੂੰ ਸ਼ਾਮਲ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।