ਗੁਜਰਾਤ: ਦਲਿਤ ਦੀ ਆਪਬੀਤੀ, ਥਾਣੇ ''ਚ ਪੁਲਸ ਕਰਮਚਾਰੀ ਨੇ ਚਟਵਾਏ ਬੂਟ

Thursday, Jan 04, 2018 - 04:04 PM (IST)

ਗੁਜਰਾਤ: ਦਲਿਤ ਦੀ ਆਪਬੀਤੀ, ਥਾਣੇ ''ਚ ਪੁਲਸ ਕਰਮਚਾਰੀ ਨੇ ਚਟਵਾਏ ਬੂਟ

ਗੁਜਰਾਤ— ਮਹਾਰਾਸ਼ਟਰ 'ਚ ਚੱਲ ਰਹੀ ਜਾਤੀ ਹਿੰਸਾ ਅਜੇ ਰੁਕੀ ਵੀ ਨਹੀਂ ਕਿ ਇਸੇ ਦੌਰਾਨ ਗੁਜਰਾਤ 'ਚ ਦਲਿਤ ਉਤਪੀੜਨ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਦਾ ਦੋਸ਼ ਹੈ ਕਿ ਥਾਣੇ 'ਚ ਆਪਣੀ ਜਾਤੀ ਦੱਸਣ 'ਤੇ 15 ਪੁਲਸ ਵਾਲਿਆਂ ਨੇ ਉਸ ਤੋਂ ਬੂਟ ਚਟਵਾਏ। ਉਸ ਨੇ ਪੁਲਸ ਦੇ ਉੱਚ ਅਧਿਕਾਰੀ 'ਤੇ ਸਰੀਰਕ ਉਤਪੀੜਨ ਦਾ ਵੀ ਦੋਸ਼ ਲਗਾਇਆ। ਦਲਿਤ ਭਾਈਚਾਰੇ ਨੇ ਇਸ ਘਟਨਾ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਐੱਸ.ਸੀ. ਅਤੇ ਐੱਸ.ਟੀ. ਐਕਟ ਦੇ ਅਧੀਨ ਇਕ ਸਿਪਾਹੀ ਨੂੰ ਗ੍ਰਿਫਤਾਰ ਕੀਤਾ ਗਿਆ।
ਘਟਨਾ ਰਾਜਧਾਨੀ ਅਹਿਮਦਾਬਾਦ ਦੇ ਅਮਰਾਏਵਾਦੀ ਖੇਤਰ ਦੀ ਦੱਸੀ ਜਾਂਦੀ ਹੈ। ਹਰਸ਼ਦ ਜਾਧਵ ਨਾਮੀ ਸ਼ਖਸ ਨੇ ਆਪਣੀ ਐੱਫ.ਆਈ.ਆਰ. 'ਚ ਦੱਸਿਆ ਕਿ 28 ਦਸੰਬਰ ਦੀ ਰਾਤ ਨੂੰ ਇਕ ਸਿਪਾਹੀ ਨਾਲ ਹੋਈ ਕੁੱਟਮਾਰ ਦੇ ਮਾਮਲੇ 'ਚ ਪੁਲਸ ਉਸ ਨੂੰ ਥਾਣੇ ਲੈ ਕੇ ਗਈ। ਥਾਣੇ 'ਚ ਰਾਤ ਨੂੰ ਉਸ ਨੂੰ ਲਾਕਅੱਪ ਤੋਂ ਬਾਹਰ ਕੱਢ ਕੇ ਉਸ ਦੀ ਜਾਤੀ ਪੁੱਛੀ। ਜਦੋਂ ਉਸ ਨੇ ਦੱਸਿਆ ਕਿ ਉਹ ਦਲਿਤ ਹੈ ਤਾਂ ਉਸ ਨੂੰ ਦੋਸ਼ੀ ਸਿਪਾਹੀ ਤੋਂ ਮੁਆਫ਼ੀ ਮੰਗਣ ਲਈ ਕਿਹਾ ਅਤੇ ਉਸ ਤੋਂ ਬਾਅਦ ਉਸ ਨੂੰ ਉੱਥੇ ਮੌਜੂਦ 15 ਪੁਲਸ ਵਾਲਿਆਂ ਦੇ ਬੂਟ ਚੱਟਣ ਲਈ ਕਿਹਾ ਗਿਆ।
ਉੱਥੇ ਹੀ ਇਸ ਮਾਮਲੇ 'ਚ ਡੀ.ਸੀ.ਪੀ. ਗਿਰੀਸ਼ ਪਾਂਡਯਾ ਨੇ ਦੱਸਿਆ ਕਿ ਹਰਸ਼ਦ ਨੂੰ ਇਕ ਪੁਲਸ ਸਿਪਾਹੀ ਨਾਲ ਕੁੱਟਮਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਅਗਲੇ ਦਿਨ ਉਸ ਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਜ਼ਮਾਨਤ ਮਿਲ ਗਈ। ਕੋਰਟ 'ਚ ਉਸ ਨੇ ਇਸ ਦੌਰਾਨ ਥਾਣੇ 'ਚ ਹੋਈ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦਾ ਜ਼ਿਕਰ ਨਹੀਂ ਕੀਤਾ। ਡੀ.ਸੀ.ਪੀ. ਨੇ ਦੱਸਿਆ ਕਿ ਦੋਸ਼ੀ ਪੁਲਸ ਵਾਲੇ ਦੇ ਨਾਂ ਐੱਫ.ਆਈ.ਆਰ. ਦਰਜ ਹੋ ਚੁਕੀ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।


Related News