ਲੋਕ ਸਭਾ ਚੋਣਾਂ ’ਚ ਇਸ ਵਾਰ ਉਮੀਦਵਾਰਾਂ ਦੀ ਗਿਣਤੀ ’ਚ ਹੋ ਸਕਦੈ ਵਾਧਾ

Saturday, Apr 13, 2024 - 01:49 PM (IST)

ਲੋਕ ਸਭਾ ਚੋਣਾਂ ’ਚ ਇਸ ਵਾਰ ਉਮੀਦਵਾਰਾਂ ਦੀ ਗਿਣਤੀ ’ਚ ਹੋ ਸਕਦੈ ਵਾਧਾ

ਨਵੀਂ ਦਿੱਲੀ- ਲੋਕ ਸਭਾ ਚੋਣਾਂ ਵਿਚ ਕਿਸਮਤ ਅਜ਼ਮਾਉਣ ਵਾਲੇ ਆਗੂਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਘਟਦੀ ਜਾ ਰਹੀ ਹੈ। ਜੇਕਰ ਅਸੀਂ ਹੁਣ ਤੱਕ ਹੋਈਆਂ 17 ਲੋਕ ਸਭਾ ਚੋਣਾਂ ’ਤੇ ਨਜ਼ਰ ਮਾਰੀਏ ਤਾਂ 1996 ’ਚ ਹੋਈਆਂ 11ਵੀਆਂ ਲੋਕ ਸਭਾ ਚੋਣਾਂ ’ਚ ਸਭ ਤੋਂ ਵੱਧ 13,952 ਉਮੀਦਵਾਰ ਮੈਦਾਨ ’ਚ ਸਨ। ਇਸ ਤੋਂ ਬਾਅਦ ਇਸ ਗਿਣਤੀ ’ਚ ਗਿਰਾਵਟ ਦੇਖਣ ਨੂੰ ਮਿਲੀ। ਇਸ ਵੇਲੇ ਦੋ ਪੜਾਵਾਂ ਲਈ 190 ਸੀਟਾਂ ਲਈ ਲਈ ਨਾਮਜ਼ਦਗੀਆਂ ਭਰੀਆਂ ਗਈਆਂ ਹਨ ਅਤੇ ਕੁੱਲ 3835 ਉਮੀਦਵਾਰ ਮੈਦਾਨ ਵਿਚ ਹਨ। ਇਸ ਚੋਣ ਵਿਚ ਇਹ ਗਿਣਤੀ ਵਧਣ ਦੀ ਸੰਭਾਵਨਾ ਹੈ।

ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਦੀ ਇਕ ਰਿਪੋਰਟ ਮੁਤਾਬਕ 1952 ਵਿਚ ਹੋਈਆਂ ਪਹਿਲੀਆਂ ਚੋਣਾਂ ਵਿਚ ਕੁੱਲ 1874 ਉਮੀਦਵਾਰ ਮੈਦਾਨ ਵਿਚ ਸਨ, ਜੋ 2019 ਵਿਚ ਹੋਈਆਂ 17ਵੀਆਂ ਲੋਕ ਸਭਾ ਚੋਣਾਂ ਵਿਚ ਵੱਧ ਕੇ 8054 ਹੋ ਗਏ। ਇਹ ਵਾਧਾ ਕਰੀਬ ਸਾਢੇ ਚਾਰ ਗੁਣਾ ਹੈ। ਹਾਲਾਂਕਿ 1952 ਵਿਚ ਹੋਈਆਂ ਪਹਿਲੀਆਂ ਚੋਣਾਂ ਵਿਚ 489 ਸੀਟਾਂ ’ਤੇ ਚੋਣਾਂ ਹੋਈਆਂ ਸਨ। ਬਾਅਦ ਵਿਚ ਸੀਟਾਂ ਵਧੀਆਂ ਅਤੇ 543 ਸੀਟਾਂ ਹੋ ਗਈਆਂ। ਸਾਰੀਆਂ ਚੋਣਾਂ ਦੇ ਅੰਕੜਿਆਂ ਦੇ ਆਧਾਰ ’ਤੇ 1996 ’ਚ ਉਮੀਦਵਾਰਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ ਪਰ ਇਸ ਤੋਂ ਬਾਅਦ 1998 ’ਚ ਹੋਈਆਂ ਚੋਣਾਂ ’ਚ ਇਹ 65 ਫੀਸਦੀ ਘੱਟ ਗਈ। ਸ਼ਾਇਦ ਇਸ ਦਾ ਕਾਰਨ ਇਹ ਸੀ ਕਿ ਚੋਣਾਂ ਜਲਦੀ ਹੋ ਗਈਆਂ ਸਨ ਅਤੇ ਬਹੁਤ ਸਾਰੇ ਉਮੀਦਵਾਰ ਦੁਬਾਰਾ ਚੋਣ ਲੜਨ ’ਚ ਉਤਰਨ ਦੀ ਹਿੰਮਤ ਨਹੀਂ ਜੁਟਾ ਸਕੇ।

ਰਿਪੋਰਟ ਮੁਤਾਬਕ 1999 ’ਚ ਹੋਈਆਂ ਚੋਣਾਂ ’ਚ ਉਮੀਦਵਾਰਾਂ ਦੀ ਗਿਣਤੀ ਫਿਰ ਤੋਂ ਵਧਣ ਲੱਗੀ। ਇਹ ਅੰਕੜਾ 2009 ਦੀਆਂ ਚੋਣਾਂ ਵਿਚ ਅਚਾਨਕ ਵਧ ਕੇ 8070 ਹੋ ਗਿਆ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜ਼ਿਆਦਾ ਲੋਕਾਂ ਦੇ ਮੈਦਾਨ ਵਿਚ ਉਤਰਨ ਦਾ ਕਾਰਨ ਜ਼ਿਆਦਾ ਖੇਤਰੀ ਜਾਂ ਛੋਟੀਆਂ ਪਾਰਟੀਆਂ ਦੀ ਮੌਜੂਦਗੀ ਹੈ। ਪਹਿਲਾਂ ਚੋਣ ਮੈਦਾਨ ਵਿਚ ਬਹੁਤ ਸਾਰੇ ਆਜ਼ਾਦ ਉਮੀਦਵਾਰ ਸਨ, ਪਰ ਬਾਅਦ ਵਿਚ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਦੇ ਦਬਦਬੇ ਕਾਰਨ ਬਹੁਤ ਛੋਟੀਆਂ ਪਾਰਟੀਆਂ ਜਾਂ ਆਜ਼ਾਦ ਉਮੀਦਵਾਰਾਂ ਦੇ ਜਿੱਤਣ ਦੀ ਸੰਭਾਵਨਾ ਘੱਟ ਗਈ ਅਤੇ ਉਮੀਦਵਾਰ ਘਟਦੇ ਗਏ। ਉਮੀਦਵਾਰਾਂ ਦੀ ਗਿਣਤੀ ਵਧਣ ਦਾ ਕਾਰਨ ਪਿਛਲੀਆਂ ਕੁਝ ਚੋਣਾਂ ਵਿਚ ਮਹਿਲਾ ਉਮੀਦਵਾਰਾਂ ਦਾ ਵਧਣਾ ਵੀ ਹੈ। 1957 ਦੀਆਂ ਦੂਜੀਆਂ ਚੋਣਾਂ ਵਿਚ ਸਿਰਫ਼ 45 ਮਹਿਲਾ ਉਮੀਦਵਾਰ ਸਨ। 2019 ਵਿਚ ਇਹ ਅੰਕੜਾ ਵੱਧ ਕੇ 726 ਹੋ ਗਿਆ। 2024 ਦੀਆਂ ਲੋਕ ਸਭਾ ਚੋਣਾਂ ਸੱਤ ਪੜਾਵਾਂ ਵਿਚ ਹੋਣਗੀਆਂ ਅਤੇ ਉਮੀਦ ਕੀਤੀ ਜਾਂਦੀ ਹੈ ਕਿ 2019 ਦੇ ਮੁਕਾਬਲੇ ਹਰ ਪੜਾਅ ਵਿਚ ਨਾਮਜ਼ਦ ਉਮੀਦਵਾਰਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਵੇਗਾ।

ਕਿਹੜੀਆਂ ਚੋਣਾਂ ’ਚ ਕਿੰਨੇ ਉਮੀਦਵਾਰ

1952        1874

1996        13,952

1998        4750

1999        5155

2004        5435

2009        8070

2014        8251

2019        8054


author

Rakesh

Content Editor

Related News