ਮਹੁਆ ਦੇ ਡਿਲੀਟ ਕੀਤੇ ਗਏ ਟਵੀਟ ਦੇ ਪਿੱਛੇ ਦਾ ਰਹੱਸ
Thursday, Mar 30, 2023 - 11:35 AM (IST)
ਨਵੀਂ ਦਿੱਲੀ- ਣਮਲ ਕਾਂਗਰਸ ਦੀ ਫਾਇਰ-ਬ੍ਰਾਂਡ ਲੋਕ ਸਭਾ ਸੰਸਦ ਮੈਂਬਰ ਮਹੁਆ ਮੋਇਤਰਾ ਨੂੰ ਪੋਸਟ ਕਰਨ ਦੇ 7 ਘੰਟਿਆਂ ਅੰਦਰ ਆਪਣੇ ਟਵੀਟ ਨੂੰ ਹਟਾਉਣ ਲਈ ਮਜਬੂਰ ਹੋਣਾ ਪਿਆ। ਇਸ ਨੇ ਅਟਕਲਾਂ ਨੂੰ ਜਨਮ ਦਿੱਤਾ ਹੈ ਕਿ ਮਮਤਾ ਬੈਨਰਜੀ ਮੋਦੀ ਸਰਕਾਰ ਨਾਲ ਭਿੜਨ ਦੇ ਮੂਡ ਵਿਚ ਨਹੀਂ ਹੈ। ਮਹੁਆ ਮੋਇਤਰਾ ਨੇ ਲੋਕ ਸਭਾ ਸਪੀਕਰ ਓਮ ਬਿਰਲਾ ’ਤੇ ਨਿਸ਼ਾਨਾ ਲਾਉਂਦੇ ਹੋਏ ਦੋਸ਼ ਲਾਇਆ ਕਿ ਉਨ੍ਹਾਂ ਸਿਰਫ ਭਾਜਪਾ ਮੰਤਰੀਆਂ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਜਦਕਿ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਆਪਣੀ ਗੱਲ ਕਹਿਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਮੋਇਤਰਾ ਨੇ ਟਵੀਟ ਕੀਤਾ ਕਿ ਲੋਕਤੰਤਰ ’ਤੇ ਹਮਲਾ ਹੋ ਰਿਹਾ ਹੈ ਅਤੇ ਸਪੀਕਰ ਉਸ ਦੀ ਅੱਗੇ ਹੋ ਕੇ ਅਗਵਾਈ ਕਰਦੇ ਹਨ ਅਤੇ ਮੈਂ ਇਸ ਟਵੀਟ ਲਈ ਜੇਲ ਜਾਣ ਲਈ ਤਿਆਰ ਹਾਂ। ਪਰ ਜ਼ੋਰਦਾਰ ਸ਼ਬਦਾਂ ਵਾਲਾ ਟਵੀਟ 7 ਘੰਟਿਆਂ ਬਾਅਦ ਗਾਇਬ ਹੋ ਗਿਆ। ਪਤਾ ਲੱਗਾ ਹੈ ਕਿ ਮਮਤਾ ਬੈਨਰਜੀ ਨੇ ਟਵੀਟ ਹਟਾਉਣ ਲਈ ਮਹੁਆ ਨੂੰ ਨਿਰਦੇਸ਼ ਦਿੱਤਾ ਸੀ। ਦਿਲਚਸਪ ਗੱਲ ਇਹ ਹੈ ਕਿ ਤ੍ਰਿਣਮੂਲ ਕਾਂਗਰਸ ਸੰਸਦ ਵਿਚ ਵਿਰੋਧੀ ਧਿਰ ਦੀਆਂ ਸਾਂਝੀਆਂ ਬੈਠਕਾਂ ਤੋਂ ਵੀ ਦੂਰੀ ਬਣਾਏ ਹੋਏ ਹੈ, ਜਿਸ ਨਾਲ ਇਸ ਗੱਲ ਨੂੰ ਤਾਕਤ ਮਿਲ ਰਹੀ ਹੈ ਕਿ ਭਾਜਪਾ ਨਾਲ ਉਸ ਦੀ ਮੌਨ ਸਹਿਮਤੀ ਹੋ ਗਈ ਹੈ। ਉਂਝ ਵੀ ਕਾਂਗਰਸ ਅਤੇ ਮਾਕਪਾ ਨੇ ਪੱਛਮੀ ਬੰਗਾਲ ਵਿਚ ਮਮਤਾ ਵਿਰੁੱਧ ਹੱਥ ਮਿਲਾ ਲਿਆ ਹੈ।
ਭਾਜਪਾ ਦਾ ਆਪ੍ਰੇਸ਼ਨ ਥਰੂਰ : ਭਾਜਪਾ ਲੀਡਰਸ਼ਿਪ ਨੇ ਕੇਰਲ ਵਿਚ ਵੱਡੇ ਪੈਮਾਨੇ ’ਤੇ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ ਅਤੇ ਵੱਖ-ਵੱਖ ਪਾਰਟੀਆਂ ਦੇ ਕਈ ਪ੍ਰਮੁੱਖ ਨੇਤਾਵਾਂ ਨੂੰ ਲੁਭਾ ਕੇ ਚੋਣ ਫਸਲ ਕੱਟਣਾ ਚਾਹੁੰਦੀ ਹੈ। ਪਾਰਟੀ ਚਾਹੁੰਦੀ ਹੈ ਕਿ ਕਾਂਗਰਸ ਨੇਤਾ ਅਤੇ ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਉਸ ਦੀ ਟਿਕਟ ’ਤੇ ਚੋਣ ਲੜਨ। ਜੇਕਰ ਥਰੂਰ ਦੂਰ ਰਹਿੰਦੇ ਹਨ ਤਾਂ ਭਗਵਾ ਪਾਰਟੀ ਕੋਲ ਇਕ ਵਾਧੂ ਉਮੀਦਵਾਰ ਹੈ-ਸਾਬਕਾ ਭਾਜਪਾ ਸੰਸਦ ਮੈਂਬਰ ਸੁਰੇਸ਼ ਗੋਪੀ।
ਥਰੂਰ ਨੇ ਹਰ ਵਾਰ ਵੱਡੇ ਫਰਕ ਨਾਲ ਸੀਟ ਜਿੱਤੀ ਹੈ ਅਤੇ ਭਾਜਪਾ ਨੂੰ ਪਤਾ ਹੈ ਕਿ ਕੇਰਲ ਦੀ ਰਾਜਧਾਨੀ ਜਿੱਤਣ ਦਾ ਇਕੋ-ਇਕ ਮੌਕਾ ਉਦੋਂ ਹੀ ਮਿਲੇਗਾ ਜਦੋਂ ਥਰੂਰ ਜਾਂ ਤਾਂ ਚੋਣ ਨਾ ਲੜਨ ਜਾਂ ਫਿਰ ਭਗਵਾ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣ ਲੜਨ। ਬਦਲਵੇਂ ਰੂਪ ਨਾਲ ਉਹ ਵਿਧਾਨ ਸਭਾ ਸੀਟ ਲਈ ਚੋਣ ਲੜ ਸਕਦੇ ਹਨ ਅਤੇ ਭਾਜਪਾ ਲਈ ਲੋਕ ਸਭਾ ਸੀਟ ਖਾਲੀ ਕਰ ਸਕਦੇ ਹਨ। ਉਥੇ ਹੀ ਸੂਬਾ ਕਾਂਗਰਸ ਦੇ ਨੇਤਾ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ ਕਿ ਥਰੂਰ ਦੇ ਪਰ ਕੱਟੇ ਜਾਣ।