ਜੁਨੈਦ ਕਤਲ ਮਾਮਲਾ : ਸੈਸ਼ਨ ਕੋਰਟ ''ਚ ਚਲ ਰਹੀ ਸੁਣਵਾਈ ''ਤੇ ਹਾਈਕੋਰਟ ਨੇ ਲਗਾਈ ਰੋਕ

Wednesday, Dec 06, 2017 - 12:14 PM (IST)

ਚੰਡੀਗੜ੍ਹ — ਫਰੀਦਾਬਾਦ ਦੇ ਪਿੰਡ ਖੰਦਾਵਲੀ ਨਿਵਾਸੀ ਜੁਨੈਦ ਦੇ ਕਤਲ ਦੇ ਮਾਮਲੇ 'ਚ ਫਰੀਦਾਬਾਦ ਸੈਸ਼ਨ ਕੋਰਟ 'ਚ  ਚਲ ਰਹੀ ਸੁਣਵਾਈ 'ਤੇ ਹਾਈਕੋਰਟ ਨੇ 11 ਜਨਵਰੀ ਤੱਕ ਰੋਕ ਲਗਾ ਦਿੱਤੀ ਹੈ। ਹਾਈਕੋਰਟ ਨੇ ਇਸ ਮਾਮਲੇ 'ਚ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਜਸਟਿਸ ਮਹੇਸ਼ ਗ੍ਰੋਵਰ ਅਤੇ ਜਸਟਿਸ ਰਾਜ ਸ਼ੇਖਰ ਅਤਰੀ ਦੀ ਬੈਂਚ ਨੇ ਇਹ ਰੋਕ ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਜੁਨੈਦ ਦੇ ਪਿਤਾ ਜਲਾਲੂਦੀਨ ਵਲੋਂ ਸਿੰਗਲ ਜੱਜ ਦੇ ਫੈਸਲੇ ਦੇ ਖਿਲਾਫ ਦਾਇਰ ਅਪੀਲ 'ਤੇ ਸੁਣਵਾਈ ਕਰਦੇ ਹੋਏ ਲਗਾਈ ਹੈ।
ਜ਼ਿਕਰਯੋਗ ਹੈ ਕਿ ਜਲਾਲੂਦੀਨ ਨੇ ਆਪਣੇ ਬੇਟੇ ਜੁਨੈਦ ਦੀ ਹੱਤਿਆ ਦੇ ਮਾਮਲੇ 'ਚ ਸੀ.ਬੀ.ਆਈ. ਜਾਂਚ ਦੀ ਮੰਗ ਨੂੰ ਲੈ ਕੇ ਸਿੰਗਲ ਜੱਜ ਦੇ ਸਾਹਮਣੇ ਪਟੀਸ਼ਨ ਦਾਇਰ ਕੀਤੀ ਸੀ। ਇਸ 'ਤੇ ਜਸਟਿਸ ਰਾਜਨ ਗੁਪਤਾ ਦੀ ਸਿੰਗਲ ਬੈਂਚ ਨੇ 27 ਨਵੰਬਰ ਨੂੰ ਜਲਾਲੂਦੀਨ ਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ। ਸਿੰਗਲ ਬੈਂਚ ਦੇ ਇਸੇ ਫੈਸਲੇ ਨੂੰ ਹੁਣ ਜਲਾਲੂਦੀਨ ਨੇ ਡਬਲ ਬੈਂਚ 'ਚ ਚੁਣੌਤੀ ਦਿੰਦੇ ਹੋਏ ਅਪੀਲ ਕੀਤੀ ਹੈ। ਆਪਣੀ ਅਪੀਲ 'ਚ ਪਟੀਸ਼ਨਰ ਨੇ ਕਿਹਾ ਹੈ ਕਿ ਸਿੰਗਲ ਬੈਂਚ ਨੇ ਇਸ ਮਾਮਲੇ ਦੇ ਕਈ ਮਹੱਤਵਪੂਰਣ ਸਾਬੂਤਾਂ 'ਤੇ ਬਿਨ੍ਹਾਂ ਗੌਰ ਕੀਤੇ ਹੀ ਪੜਤਾਲ ਦੀ ਮੰਗ ਨੂੰ ਖਾਰਜ ਕਰ ਦਿੱਤਾ ਗਿਆ ਹੈ।


Related News