ਰਾਜਸਥਾਨ ਨੂੰ ਵਿਕਸਿਤ ਕੀਤੇ ਬਿਨਾਂ ਭਾਰਤ ਨੂੰ ਵਿਕਸਿਤ ਕਰਨ ਦਾ ਟੀਚਾ ਅਧੂਰਾ : ਮੋਦੀ
Wednesday, Nov 22, 2023 - 01:04 PM (IST)
ਜੈਪੁਰ, (ਭਾਸ਼ਾ/ਅਸ਼ੋਕ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਾਨੂੰਨ ਵਿਵਸਥਾ, ਔਰਤਾਂ ਵਿਰੁੱਧ ਅਪਰਾਧ ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਸੂਬੇ ਦੀ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਗਾਇਆ ਕਿ ਉਸ ਨੇ ਜਨਤਾ ਨੂੰ ਲੁਟੇਰਿਆਂ ਅਤੇ ਦੰਗਾਕਾਰੀਆਂਦੇ ਹਵਾਲੇ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮੋਦੀ ਨੇ ਕਾਂਗਰਸ ਨੂੰ ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਤੁਸ਼ਟੀਕਰਨ ਨਾਂ ਦੀਆਂ 3 ਬੁਰਾਈਆਂ ਦਾ ਪ੍ਰਤੀਕ ਦੱਸਿਆ।
ਮੋਦੀ ਨੇ ਅੰਤਾ (ਬਾਰਾਂ) ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ,‘ਹੁਣ ਸਾਡੇ ਸਾਹਮਣੇ ਵਿਕਸਿਤ ਭਾਰਤ ਦਾ ਟੀਚਾ ਹੈ ਪਰ ਰਾਜਸਥਾਨ ਨੂੰ ਵਿਕਸਿਤ ਕੀਤੇ ਬਿਨਾਂ ਭਾਰਤ ਨੂੰ ਵਿਕਸਿਤ ਕਰਨ ਦਾ ਟੀਚਾ ਅਧੂਰਾ ਹੈ। ਜਦ ਤੱਕ ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਤੁਸ਼ਟੀਕਰਨ ਨਾਂ ਦੇ 3 ਦੁਸ਼ਮਨ ਸਾਡੇ ਵਿਚਾਲੇ ਹਨ, ਉਦੋਂ ਤੱਕ ਇਹ ਸੰਕਲਪ ਪੂਰਾ ਹੋਣਾ ਮੁਸ਼ਕਿਲ ਹੈ। ਕਾਂਗਰਸ ਇਨ੍ਹਾਂ ਤਿੰਨਾਂ ਬੁਰਾਈਆਂ ਦੀ ਸਭ ਤੋਂ ਵੱਡੀ ਪ੍ਰਤੀਕ ਹੈ।’
ਪ੍ਰਧਾਨ ਮੰਤਰੀ ਨੇ ਕਿਹਾ,‘ਕਾਂਗਰਸ ’ਚ ਮੰਤਰੀ ਹੋਣ, ਵਿਧਾਇਕ ਹੋਣ, ਸਾਰੇ ਬੇਲਗਾਮ ਹਨ ਅਤੇ ਜਨਤਾ ਪੀੜਤ ਹੈ। ਕਾਂਗਰਸ ਨੇ ਰਾਜਸਥਾਨ ਦੀ ਜਨਤਾ ਨੂੰ ਲੁਟੇਰਿਆਂ, ਦੰਗਾਕਾਰੀਆਂ, ਅੱਤਿਆਚਾਰੀਆਂ ਅਤੇ ਅਪਰਾਧੀਆਂ ਦੇ ਹਵਾਲੇ ਕਰ ਦਿੱਤਾ ਹੈ। ਇਸ ਲਈ ਅੱਜ ਰਾਜਸਥਾਨ ਦਾ ਬੱਚਾ-ਬੱਚਾ ਕਹਿ ਰਿਹਾ ਹੈ-ਗਹਿਲੋਤ ਜੀ, ਕੋਨੀ (ਨਹੀਂ) ਮਿਲੇ ਵੋਟ ਜੀ।’ ਉਨ੍ਹਾਂ ਨੇ ਦੋਸ਼ ਲਗਾਇਆ ਕਿ ਅੱਜ ਕਾਂਗਰਸ ਦੇ ਸਮਰਥਨ ਨਾਲ ਰਾਜਸਥਾਨ ’ਚ ਸਮਾਜ ਵਿਰੋਧੀ ਤਾਕਤਾਂ ਦੇ ਹੌਸਲੇ ਬੁਲੰਦ ਹਨ। ਦੰਗਾਕਾਰੀਆਂ ਦੇ ਨਾਲ-ਨਾਲ ਇਥੇ ਕਾਂਗਰਸ ਸਰਕਾਰ ਦੇ ਮੰਤਰੀ ਧੀਆਂ-ਭੈਣਾਂ ’ਤੇ ਅੱਤਿਆਚਾਰ ਕਰਨ ਵਾਲਿਆਂ ਦੇ ਨਾਲ ਖੜ੍ਹੇ ਰਹਿੰਦੇ ਹਨ।
ਮੋਦੀ ਨੇ ਕਿਹਾ ਕਿ ਜੋ ਕਾਂਗਰਸ ਸਰਕਾਰ ਜਾਨ-ਮਾਲ ਅਤੇ ਸਨਮਾਨ ਦੀ ਸੁਰੱਖਿਆ ਤੱਕ ਨਹੀਂ ਕਰ ਸਕਦੀ, ਉਸ ਸਰਕਾਰ ਨੂੰ ਇਕ ਪਲ ਵੀ ਰਹਿਣ ਦਾ ਹੱਕ ਨਹੀਂ ਹੈ। ਕਥਿਤ ‘ਲਾਲ ਡਾਇਰੀ’ ਨੂੰ ਲੈ ਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ,‘ਅੱਜ ਕੱਲ ਰਾਜਸਥਾਨ ਦੀ ਲਾਲ ਡਾਇਰੀ ਦੀ ਸਭ ਤੋਂ ਵੱਧ ਚਰਚਾ ਹੈ। ਇਸ ਲਾਲ ਡਾਇਰੀ ਦੇ ਪੰਨੇ ਜਿਵੇਂ-ਜਿਵੇਂ ਖੁੱਲ੍ਹ ਰਹੇ ਹਨ, ਉਵੇਂ-ਉਵੇਂ ਜਾਦੂਗਰ ਜੀ ਦੇ ਚਿਹਰੇ ’ਤੇ ਹਵਾਈਆਂ ਉੱਡ ਰਹੀਆਂ ਹਨ। ਇਸ ਲਾਲ ਡਾਇਰੀ ’ਚ ਸਾਫ-ਸਾਫ ਲਿਖਿਆ ਹੈ ਕਿ ਕਾਂਗਰਸ ਸਰਕਾਰ ਨੇ 5 ਸਾਲਾਂ ’ਚ ਤੁਹਾਡੇ ਜਲ, ਜੰਗਲ ਅਤੇ ਜ਼ਮੀਨ ਨੂੰ ਕਿਵੇਂ ਵੇਚਿਆ ਹੈ।’
ਪ੍ਰਧਾਨ ਮੰਤਰੀ ਨੇ ਕਿਹਾ,‘ਮਹਿਲਾ ਸੁਰੱਖਿਆ ਅਤੇ ਮਹਿਲਾ ਕਲਿਆਣ ਭਾਜਪਾ ਸਰਕਾਰ ਦੀ ਪਹਿਲ ਹੈ। ਆਪਣੀਆਂ ਭੈਣਾਂ ਨੂੰ ਧੂੰਏਂ ਤੋਂ ਮੁਕਤੀ ਦਿਵਾਉਣ ਲਈ ਤੁਹਾਡੇ ਇਸ ਭਰਾ ਨੇ ਮੁਫਤ ਗੈਸ ਕੁਨੈਕਸ਼ਨ ਦਿੱਤੇ। ਇਸ ਰੱਖੜੀ ’ਤੇ ਵੀ ਅਸੀਂ ਉੱਜਵਲਾ ਦੇ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਵੱਡੀ ਰਾਹਤ ਦਿੱਤੀ ਸੀ। ਹੁਣ ਰਾਜਸਥਾਨ ਭਾਜਪਾ ਨੇ ਹੋਰ ਵੀ ਸਸਤਾ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ।’