ਦੁਨੀਆ ਦੇ ਸਭ ਤੋਂ ਉੱਚੇ ਆਰਕ ਪੁਲ ''ਤੇ 15 ਅਗਸਤ ਚੱਲੇਗੀ ਪਹਿਲੀ ਰੇਲ ਗੱਡੀ
Saturday, Jul 20, 2024 - 10:48 AM (IST)
ਜੰਮੂ- ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਬਣੇ ਦੁਨੀਆ ਦੇ ਸਭ ਤੋਂ ਉੱਚੇ ਸਟੀਲ ਆਰਕ ਪੁਲ 'ਤੇ ਆਜ਼ਾਦੀ ਦਿਹਾੜੇ ਯਾਨੀ 15 ਅਗਸਤ ਨੂੰ ਪਹਿਲੀ ਰੇਲ ਗੱਡੀ ਚੱਲੇਗੀ। ਸੰਗਲਦਾਨ ਤੋਂ ਰਿਆਸੀ ਵਿਚਾਲੇ ਚੱਲਣ ਵਾਲੀ ਇਹ ਰੇਲ ਗੱਡੀ ਸਰਵਿਸ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ (ਯੂ.ਐੱਸ.ਬੀ.ਆਰ.ਐੱਲ.) ਪ੍ਰਾਜੈਕਟ ਦਾ ਹਿੱਸਾ ਹੈ। ਇਸ ਪੁਲ 'ਤੇ 20 ਜੂਨ ਨੂੰ ਰੇਲ ਗੱਡੀ ਦਾ ਟ੍ਰਾਇਲ ਰਨ ਹੋਇਆ ਸੀ। ਇਸ ਤੋਂ ਪਹਿਲਾਂ 16 ਜੂਨ ਨੂੰ ਪੁਲ 'ਤੇ ਇਲੈਕਟ੍ਰਿਕ ਇੰਜਣ ਦਾ ਟ੍ਰਾਇਲ ਹੋਇਆ ਸੀ। ਇਹ ਪੁਲ ਪੈਰਿਸ ਦੇ ਏਫਿਲ ਟਾਵਰ ਤੋਂ 29 ਮੀਟਰ ਉੱਚਾ ਹੈ। ਏਫਿਲ ਟਾਵਰ ਦੀ ਉੱਚਾਈ 330 ਮੀਟਰ ਹੈ, ਜਦੋਂ ਕਿ 1.3 ਕਿਲੋਮੀਟਰ ਲੰਬੇ ਇਸ ਪੁਲ ਨੂੰ ਚਿਨਾਬ ਨਦੀ 'ਤੇ 359 ਮੀਟਰ ਦੀ ਉੱਚਾਈ 'ਤੇ ਬਣਾਇਆ ਗਿਆ ਹੈ।
ਇਹ ਪੁਲ 40 ਕਿਲੋ ਤੱਕ ਵਿਸਫ਼ੋਟਕ ਅਤੇ ਰਿਕਟਰ ਸਕੇਲ 'ਤੇ 8 ਤੀਬਰਤਾ ਤੱਕ ਦੇ ਭੂਚਾਲ ਨੂੰ ਝੱਲ ਸਕਦਾ ਹੈ। ਪਾਕਿਸਤਾਨੀ ਸਰਹੱਦ ਤੋਂ ਇਸ ਦਾ ਏਰੀਅਲ ਡਿਸਟੈਂਸ ਸਿਰਫ਼ 65 ਕਿਲੋਮੀਟਰ ਹੈ। ਇਸ ਪੁਲ ਦੇ ਸ਼ੁਰੂ ਹੋਣ ਨਾਲ ਕਸ਼ਮੀਰ ਘਾਟੀ ਹਰ ਮੌਸਮ 'ਚ ਰੇਲ ਗੱਡੀ ਰਾਹੀਂ ਭਾਰਤ ਦੇ ਦੂਜੇ ਹਿੱਸਿਆਂ ਨਾਲ ਜੁੜ ਜਾਵੇਗੀ। ਯੂ.ਐੱਸ.ਬੀ.ਆਰ.ਐੱਲ. ਪ੍ਰਾਜੈਕਟ 1997 ਤੋਂ ਸ਼ੁਰੂ ਹੋਇਆ ਸੀ। ਇਸ ਦੇ ਅਧੀਨ 272 ਕਿਲੋਮੀਟਰ ਦੀ ਰੇਲ ਲਾਈਨ ਵਿਛਾਈ ਜਾਣੀ ਸੀ। ਹੁਣ ਤੱਕ ਵੱਖ-ਵੱਖ ਫੇਜ਼ 'ਚ 209 ਕਿਲੋਮੀਟਰ ਵਿਛਾਈ ਜਾ ਚੁੱਕੀ ਹੈ। ਇਸ ਸਾਲ ਦੇ ਅੰਤ ਤੱਕ ਰਿਆਸੀ ਨੂੰ ਕੱਟੜਾ ਨਾਲ ਜੋੜਨ ਵਾਲੀ ਆਖ਼ਰੀ 17 ਕਿਲੋਮੀਟਰ ਲਾਈਨ ਵਿਛਾਈ ਜਾਵੇਗੀ, ਜਿਸ ਤੋਂ ਬਾਅਦ ਜੰਮੂ ਦੇ ਰਿਆਸੀ ਤੋਂ ਕਸ਼ਮੀਰ ਦੇ ਬਾਰਾਮੂਲਾ ਤੱਕ ਪੈਸੇਂਜਰ ਟ੍ਰੈਵਲ ਕਰ ਸਕਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e