ਦੁਸ਼ਮਣਾਂ ਕੋਲ ਬ੍ਰਹਿਮੋਸ ਮਿਜ਼ਾਈਲ ਦਾ ਨਹੀਂ ਹੈ ਕੋਈ ਤੋੜ

11/23/2017 2:42:28 AM

ਨਵੀਂ ਦਿੱਲੀ —ਦੁਨੀਆ ਦੀ ਸਭ ਤੋਂ ਤੇਜ਼ ਸੁਪਰ ਸੋਨਿਕ ਕਰੂਜ਼ ਮਿਜ਼ਾਈਲ ਬ੍ਰਹਿਮੋਸ ਨੂੰ ਅੱਜ ਹਵਾਈ ਫੌਜ ਦੇ ਮੁੱਖ ਲੜਾਕੂ ਜਹਾਜ਼ ਸੁਖੋਈ-30 ਤੋਂ ਦਾਗਣ ਦਾ ਸਫਲ ਪ੍ਰੀਖਣ ਕੀਤਾ ਗਿਆ। ਜਿਸਦੇ ਨਾਲ ਹੀ ਭਾਰਤ ਨੇ ਦੁਨੀਆ ਦੀਆਂ ਸਭ ਤੋਂ ਖਤਰਨਾਕ ਮਿਜ਼ਾਈਲਾਂ 'ਚੋਂ ਇਕ ਬ੍ਰਹਿਮੋਸ ਨੂੰ ਜਲ, ਥਲ ਅਤੇ ਹਵਾ 'ਚ ਸਥਿਤ ਪਲੇਟਫਾਰਮਾਂ ਤੋਂ ਦਾਗਣ ਦੀ ਸਮਰੱਥਾ ਹਾਸਲ ਕਰ ਲਈ।
ਰੱਖਿਆ ਮੰਤਰਾਲਾ ਦੇ ਬੁਲਾਰੇ ਅਨੁਸਾਰ ਬ੍ਰਹਿਮੋਸ ਨੂੰ ਹਵਾਈ ਫੌਜ ਦੇ ਲੜਾਕੂ ਬੇੜੇ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ਸੁਖੋਈ-30 ਜਹਾਜ਼ ਤੋਂ ਬੰਗਾਲ ਦੀ ਖਾੜੀ 'ਚ ਨਿਰਧਾਰਿਤ ਟੀਚੇ 'ਤੇ ਦਾਗਿਆ ਗਿਆ ਅਤੇ ਇਸ ਨੇ ਟੀਚੇ 'ਤੇ ਸਿੱਧਾ ਨਿਸ਼ਾਨਾ ਲਗਾ ਕੇ ਸਫਲਤਾ ਦਾ ਇਤਿਹਾਸ ਰਚ ਦਿੱਤਾ।
ਬ੍ਰਹਿਮੋਸ ਨੂੰ ਲੜਾਕੂ ਜਹਾਜ਼ ਤੋਂ ਪਹਿਲੀ ਵਾਰ ਦਾਗਿਆ ਗਿਆ ਹੈ। ਇਸ ਦੇ ਲਈ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਨੇ ਸੁਖੋਈ ਜਹਾਜ਼ ਵਿਚ ਜ਼ਰੂਰੀ ਫੇਰਬਦਲ ਕੀਤੇ ਸਨ ਜਿਸ ਨਾਲ ਕਿ ਉਹ ਢਾਈ ਟਨ ਦੇ ਵਜ਼ਨ ਦੀ ਇਸ ਬੜੀ ਭਾਰੀ ਮਿਜ਼ਾਈਲ ਨੂੰ ਲਾਂਚ ਕਰ ਸਕੇ।
ਇਸ ਸਫਲ ਪ੍ਰੀਖਣ ਨਾਲ ਹਵਾਈ ਫੌਜ ਦੀ ਮਾਰਕ ਸਮੱਰਥਾ ਕਈ ਗੁਣਾ ਵਧ ਗਈ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਨੂੰ ਸ਼ਾਨਦਾਰ ਪ੍ਰਾਪਤੀ ਦੱਸਦੇ ਹੋਏ ਰੱਖਿਆ ਖੋਜ ਸੰਗਠਨ ਡੀ. ਆਰ. ਡੀ. ਓ. ਅਤੇ ਬ੍ਰਹਿਮੋਸ ਦੀ ਟੀਮ ਨੂੰ ਵਧਾਈ ਦਿੱਤੀ। ਡੀ. ਆਰ. ਡੀ. ਓ. ਦੇ ਮੁਖੀ ਡਾ. ਐੱਸ. ਕ੍ਰਿਸਟੋਫਰ ਨੇ ਵੀ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ।

ਬ੍ਰਹਿਮੋਸ ਮਿਜ਼ਾਈਲ ਅੰਡਰਗਰਾਊਂਡ ਬੰਕਰਾਂ, ਕਮਾਂਡ ਐਂਡ ਕੰਟਰੋਲ ਸੈਂਟਰਜ਼ ਅਤੇ ਸਮੁੰਦਰ ਉੱਪਰ ਉੱਡ ਰਹੇ ਹਵਾਈ ਜਹਾਜ਼ਾਂ ਨੂੰ ਦੂਰ ਤੋਂ ਹੀ ਨਿਸ਼ਾਨਾ ਬਣਾਉਣ 'ਚ ਸਮਰੱਥ ਹੈ। ਫੌਜ ਨੇ ਬ੍ਰਹਿਮੋਸ ਮਿਜ਼ਾਈਲ ਨੂੰ ਪਹਿਲਾਂ ਹੀ ਆਪਣੇ ਬੇੜੇ 'ਚ ਸ਼ਾਮਲ ਕਰ ਲਿਆ ਹੈ। ਇਸ ਮਿਜ਼ਾਈਲ ਲਈ 27,150 ਕਰੋੜ ਰੁਪਏ ਦੇ ਆਰਡਰ ਦਿੱਤੇ ਗਏ ਹਨ। ਇਸ ਮਿਜ਼ਾਈਲ ਦੇ ਹਾਈਪਰਸੋਨਿਕ ਵਰਜ਼ਨ ਨੂੰ ਤਿਆਰ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ, ਜੋ ਮੈਕ-5 ਦੀ ਸਪੀਡ ਨਾਲ ਉਡਾਣ ਭਰਨ 'ਚ ਸਮਰੱਥ ਹੋਵੇਗੀ।

PunjabKesari
ਦੁਸ਼ਮਣ ਲਈ ਬ੍ਰਹਿਮੋਸ ਤੋਂ ਘਬਰਾਉਣ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਮਿਜ਼ਾਈਲ ਦਾ ਉਨ੍ਹਾਂ ਕੋਲ ਕੋਈ ਤੋੜ ਨਹੀਂ ਹੈ। ਇਸ ਦੀ ਸਪੀਡ ਲੱਗਭਗ ਇਕ ਕਿਲੋਮੀਟਰ ਪ੍ਰਤੀ ਸੈਕਿੰਡ ਹੈ, ਜਦਕਿ ਚੀਨ ਕੋਲ ਜੋ ਮਿਜ਼ਾਈਲ ਹੈ, ਉਸ ਦੀ ਸਪੀਡ 290 ਮੀਟਰ ਪ੍ਰਤੀ ਸੈਕਿੰਡ ਹੈ। ਬ੍ਰਹਿਮੋਸ ਨੂੰ ਦਾਗ਼ਣ 'ਚ ਸਮਾਂ ਵੀ ਘੱਟ ਲੱਗਦਾ ਹੈ।

PunjabKesari
ਸੁਪਰਸੋਨਿਕ ਮਿਜ਼ਾਈਲ ਨਾਲ ਲੈਸ ਦੁਨੀਆ ਦੀ ਪਹਿਲੀ ਹਵਾਈ ਫੌਜ
ਭਾਰਤੀ ਏਅਰਫੋਰਸ ਦੁਨੀਆ ਦੀ ਪਹਿਲੀ ਅਜਿਹੀ ਹਵਾਈ ਫੌਜ ਬਣ ਗਈ ਹੈ, ਜਿਸ ਦੇ ਜੰਗੀ ਬੇੜੇ 'ਚ ਸੁਪਰਸੋਨਿਕ ਮਿਜ਼ਾਈਲ ਸ਼ਾਮਲ ਹੈ। ਸੁਖੋਈ ਹਵਾਈ ਜਹਾਜ਼ ਪਹਿਲਾਂ ਹੀ ਬ੍ਰਹਿਮੋਸ ਨਾਲ ਕਾਮਯਾਬੀ ਸਮੇਤ ਉਡਾਣ ਭਰ ਚੁੱਕਾ ਹੈ। ਅਪ੍ਰੈਲ 2017 'ਚ ਪਹਿਲੀ ਵਾਰ ਸਮੁੰਦਰੀ ਫੌਜ ਨੇ ਬ੍ਰਹਿਮੋਸ ਨੂੰ ਵਾਰਸ਼ਿਪ ਤੋਂ ਜ਼ਮੀਨ 'ਤੇ ਦਾਗਿਆ ਸੀ। ਇਸ ਮਿਜ਼ਾਈਲ ਨੂੰ ਭਾਰਤ-ਰੂਸ ਦੇ ਸਾਂਝੇ ਯਤਨਾਂ ਅਧੀਨ ਬਣਾਇਆ ਗਿਆ ਹੈ।


ਸੁਖੋਈ ਅਤੇ ਬ੍ਰਹਿਮੋਸ ਦਾ 'ਡੈੱਡਲੀ ਕੰਬੀਨੇਸ਼ਨ'
ਸੁਖੋਈ ਹਵਾਈ ਜਹਾਜ਼ ਰਾਹੀਂ ਬ੍ਰਹਿਮੋਸ ਮਿਜ਼ਾਈਲ ਦੇ ਪ੍ਰੀਖਣ ਨੂੰ ਇਨ੍ਹਾਂ ਦੋਵਾਂ ਦਾ 'ਡੈੱਡਲੀ ਕੰਬੀਨੇਸ਼ਨ' (ਖਤਰਨਾਕ ਮੇਲ) ਦੱਸਿਆ ਜਾ ਰਿਹਾ ਹੈ। ਹਵਾ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ ਇਸ ਮਿਜ਼ਾਈਲ ਦੀ ਦੁਸ਼ਮਣ ਦੇਸ਼ ਦੀ ਸਰਹੱਦ 'ਤੇ ਸਥਾਪਿਤ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕਰਨ ਲਈ ਵਰਤੋਂ ਕੀਤੀ ਜਾ ਸਕਦੀ ਹੈ।

PunjabKesari
ਅਮਰੀਕੀ ਮਿਜ਼ਾਈਲ ਵੀ ਇਸ ਅੱਗੇ ਕਮਜ਼ੋਰ
ਆਵਾਜ਼ ਦੀ ਰਫਤਾਰ ਤੋਂ ਲੱਗਭਗ 3 ਗੁਣਾ ਵੱਧ ਰਫਤਾਰ ਨਾਲ ਹਮਲਾ ਕਰਨ 'ਚ ਸਮਰੱਥ।
ਕੋਈ ਹੋਰ ਮਿਜ਼ਾਈਲ ਤੇਜ਼ ਰਫਤਾਰ ਨਾਲ ਹਮਲੇ ਦੇ ਮਾਮਲੇ 'ਚ ਇਸ ਦੀ ਬਰਾਬਰੀ 'ਚ ਨਹੀਂ।
ਅਮਰੀਕਾ ਦੀ ਟਾਮ ਹਾਕ ਮਿਜ਼ਾਈਲ ਵੀ ਇਸ ਅੱਗੇ ਕਮਜ਼ੋਰ ਹੈ।
ਬ੍ਰਹਿਮੋਸ ਪ੍ਰਮਾਣੂ ਤਕਨੀਕ ਨਾਲ ਲੈਸ ਹੈ।
ਲੜਾਕੂ ਹਵਾਈ ਜਹਾਜ਼ ਰਾਹੀਂ ਦਾਗੇ ਜਾਣ 'ਤੇ 400 ਕਿਲੋਮੀਟਰ ਦੂਰ ਤੱਕ ਮਾਰ ਕਰਨ 'ਚ ਸਮਰੱਥ।

PunjabKesari
ਦਾਗੋ ਤੇ ਭੁੱਲ ਜਾਓ
ਬ੍ਰਹਿਮੋਸ ਦਾ ਨਿਸ਼ਾਨਾ ਬੇਮਿਸਾਲ ਹੈ, ਇਸੇ ਲਈ ਕਿਹਾ ਜਾਂਦਾ ਹੈ, ''ਦਾਗੋ ਅਤੇ ਭੁੱਲ ਜਾਓ।''
ਇਸ ਨੂੰ ਪਣਡੁੱਬੀ, ਏਅਰਕ੍ਰਾਫਟ, ਹਵਾ ਅਤੇ ਜ਼ਮੀਨ ਤੋਂ ਦਾਗਿਆ ਜਾ ਸਕਦਾ ਹੈ।


Related News