ਮਾਮੂਲੀ ਜਿਹੀ ਗੱਲ ’ਤੇ ਵੱਡੀ ਭੈਣ ਨੇ ਛੋਟੀ ਭੈਣ ਦਾ ਬੇਰਹਿਮੀ ਨਾਲ ਕਤਲ ਕਰ ਲਾਸ਼ ਕਮਰੇ ’ਚ ਦਫ਼ਨਾਈ

Friday, Sep 24, 2021 - 06:35 PM (IST)

ਮਾਮੂਲੀ ਜਿਹੀ ਗੱਲ ’ਤੇ ਵੱਡੀ ਭੈਣ ਨੇ ਛੋਟੀ ਭੈਣ ਦਾ ਬੇਰਹਿਮੀ ਨਾਲ ਕਤਲ ਕਰ ਲਾਸ਼ ਕਮਰੇ ’ਚ ਦਫ਼ਨਾਈ

ਬਾਰਾਬੰਕੀ- ਉੱਤਰ ਪ੍ਰਦੇਸ਼ ’ਚ ਬਾਰਾਬੰਕੀ ਜ਼ਿਲ੍ਹੇ ਦੇ ਫਤਿਹਪੁਰ ਇਲਾਕੇ ’ਚ ਮਾਮੂਲੀ ਗੱਲ ’ਤੇ ਵਿਆਹੁਤਾ ਭੈਣ ਨੇ ਆਪਣੀ ਛੋਟੀ ਭੈਣ ਦਾ ਕਤਲ ਕਰ ਕੇ ਲਾਸ਼ ਘਰ ’ਚ ਹੀ ਦਫ਼ਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਬੁਲਾਰੇ ਨੇ ਸ਼ੁੱਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫਤਿਹਪੁਰ ਇਲਾਕੇ ’ਚ ਮਝਗਵਾਂ ਪਿੰਡ ਵਾਸੀ ਕੱਲੂ ਰਾਵਤ ਦੀ ਵੱਡੀ ਧੀ ਕਿਰਨ ਦਾ ਪਿਛਲੇ ਦਿਨੀਂ ਵਿਆਹ ਹੋਇਆ ਸੀ। ਵਿਆਹ ਦੇ ਕੁਝ ਹੀ ਦਿਨ ਬਾਅਦ ਉਹ ਸਹੁਰੇ ਘਰ ਤੋਂ ਪੇਕੇ ਆ ਕੇ ਰਹਿਣ ਲੱਗੀ। ਉਨ੍ਹਾਂ ਦੱਸਿਆ ਕਿ ਕੱਲੂ ਅਤੇ ਉਸ ਦਾ ਪੁੱਤਰ ਮਜ਼ਦੂਰੀ ਕਰਦਾ ਸੀ ਅਤੇ ਉਸ ਦੀ 12 ਸਾਲਾ ਧੀ ਗਾਇਤਰੀ ਘਰ ਦੇ ਕੰਮਕਾਜ ਤੋਂ ਬਾਅਦ ਪਿਤਾ ਅਤੇ ਭਰਾ ਧਰਮਾ ਨੂੰ ਖੇਤ ’ਤੇ ਭੋਜਨ ਪਹੁੰਚਾਉਂਦੀ ਸੀ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦੀ ਅਮਰੀਕਾ ’ਚ ਰਹਿ ਰਹੇ ਭਾਰਤੀਆਂ ਨੂੰ ਅਪੀਲ, PM ਮੋਦੀ ਦੇ ਪ੍ਰੋਗਰਾਮ ਦੌਰਾਨ ਕਰਨ ਵਿਰੋਧ ਪ੍ਰਦਰਸ਼ਨ

ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਰਾਤ ਤੋਂ ਗਾਇਤਰੀ ਲਾਪਤਾ ਸੀ। ਭੈਣ ਅਤੇ ਭਰਾ ਧਰਮਾ ਨੇ ਉਸ ਦੀ ਤਲਾਸ਼ ਕੀਤੀ ਪਰ ਕੁਝ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਘਰੋਂ ਬੱਦਬੂ ਆਉਣ ’ਤੇ ਕਿਰਨ ਤੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਬੁੱਧਵਾਰ ਰਾਤ ਗਾਇਤਰੀ ਨਾਲ ਉਸ ਦੀ ਕਿਸੇ ਗੱਲ ਨੂੰ ਲੈ ਕੇ ਕਹਾਸੁਣੀ ਹੋ ਗਈ ਸੀ। ਉਸ ਨੇ ਗੁੱਸੇ ’ਚ ਭੈਣ ਦੇ ਸਿਰ ’ਤੇ ਸਿਲਬੱਟੇ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ ਅਤੇ ਬਾਅਦ ’ਚ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਘਰ ਦੇ ਅੰਦਰ ਕਮਰੇ ’ਚ ਟੋਇਆ ਖੋਦ ਕੇ ਲਾਸ਼ ਬੋਰੀ ’ਚ ਰੱਖ ਕੇ ਉੱਥੇ ਹੀ ਦਫ਼ਨ ਕਰ ਦਿੱਤੀ ਸੀ। ਬੁਲਾਰੇ ਨੇ ਦੱਸਿਆ ਕਿ ਉਸ ਦੇ ਭਰਾ ਧਰਮਾ ਨੇ ਜ਼ਮੀਨ ਖੋਦ ਕੇ ਲਾਸ਼ ਬਾਹਰ ਕੱਢੀ। ਉਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਦੋਸ਼ੀ ਭੈਣ ਨੂੰ ਗ੍ਰਿਫ਼ਤਾਰ ਕਰ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਦੇ ਕਾਜ਼ਾ ’ਚ ਸ਼ੁਰੂ ਹੋਇਆ ਦੁਨੀਆ ਦਾ ਸਭ ਤੋਂ ਉੱਚਾ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ


author

DIsha

Content Editor

Related News