ਦੇਸ਼ ਦੀ ਰੱਖਿਆ ਪ੍ਰਣਾਲੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ : ਰਾਜਨਾਥ
Thursday, Mar 07, 2024 - 07:01 PM (IST)
ਨਵੀਂ ਦਿੱਲੀ, (ਯੂ. ਐੱਨ. ਆਈ.)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਰੱਖਿਆ ਪ੍ਰਣਾਲੀ ਨੂੰ ਭਾਰਤੀ ਭਾਵਨਾ ਨਾਲ ਵਿਕਸਤ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ ਜਿਸ ਨਾਲ ਇਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋਈ ਹੈ। ਰਾਜਨਾਥ ਨੇ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦੀ ਸਮਰੱਥਾ ’ਤੇ ਪੂਰਾ ਵਿਸ਼ਵਾਸ ਰੱਖਦੀ ਹੈ, ਜਦਕਿ ਪਹਿਲਾਂ ਸੱਤਾ ’ਚ ਬੈਠੇ ਲੋਕ ਉਨ੍ਹਾਂ ਦੀ ਸਮਰੱਥਾ ’ਤੇ ਕੁਝ ਹੱਦ ਤੱਕ ਸ਼ੱਕੀ ਸਨ।
ਉਨ੍ਹਾਂ ਨੇ ਰੱਖਿਆ ਨਿਰਮਾਣ ’ਚ ‘ਆਤਮ-ਨਿਰਭਰਤਾ’ ਨੂੰ ਬੜ੍ਹਾਵਾ ਦੇਣ ਨੂੰ ਸਭ ਤੋਂ ਵੱਡਾ ਬਦਲਾਅ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਰੱਖਿਆ ਖੇਤਰ ਨੂੰ ਇਕ ਨਵਾਂ ਆਕਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਆਤਮ-ਨਿਰਭਰਤਾ ਹਾਸਲ ਕਰਨ ਲਈ ਰੱਖਿਆ ਮੰਤਰਾਲਾ ਵੱਲੋਂ ਚੁੱਕੇ ਗਏ ਕਦਮਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚ ਰੱਖਿਆ ਉਦਯੋਗਿਕ ਗਲਿਆਰਿਆਂ ਦੀ ਸਥਾਪਨਾ, ਸਕਾਰਾਤਮਕ ਸਵਦੇਸ਼ੀ ਸੂਚੀਆਂ ਦਾ ਨੋਟੀਫਿਕੇਸ਼ਨ, ਘਰੇਲੂ ਉਦਯੋਗ ਲਈ ਪੂੰਜੀ ਖਰੀਦ ਬਜਟ ਦਾ 75 ਫੀਸਦੀ ਰਾਖਵਾਂਕਰਨ ਕਰਨਾ ਸ਼ਾਮਲ ਹੈ।