ਨਾਬਾਲਗਾ ਨਾਲ ਜਬਰ-ਜ਼ਨਾਹ ਦੇ ਮੁਲਜ਼ਮ ਨੂੰ 62 ਸਾਲ ਦੀ ਸਜ਼ਾ
Tuesday, Mar 05, 2024 - 01:30 PM (IST)
ਕੋਝੀਕੋਡ-ਕੇਰਲ ਦੇ ਕੋਝੀਕੋਡ ਦੀ ਇਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ 2018 ਵਿਚ ਮਾਨਸਿਕ ਤੌਰ ’ਤੇ ਅਸਮਰੱਥ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਮੁਲਜ਼ਮ ਪਾਏ ਗਏ ਇਕ ਵਿਅਕਤੀ ਨੂੰ 62 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਨਾਦਪੁਰਮ ਦੀ ਵਿਸ਼ੇਸ਼ ‘ਫਾਸਟ ਟਰੈਕ’ ਅਦਾਲਤ ਦੇ ਜਸਟਿਸ ਐੱਮ. ਸੁਹੈਬ ਨੇ ਮੁਲਜ਼ਮ ’ਤੇ 85,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸਤਗਾਸਾ ਪੱਖ ਮੁਤਾਬਕ, ਮੁਲਜ਼ਮ ਨੇ 2018 ਵਿਚ ਚੌਥੀ ਜਮਾਤ ਦੀ ਵਿਦਿਆਰਥਣ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ ਅਤੇ ਉਸ ਨਾਲ ਗੈਰ-ਕੁਦਰਤੀ ਸਬੰਧ ਵੀ ਬਣਾਏ। ਉਹ ਬੱਚੀ ਨੂੰ ਅਸ਼ਲੀਲ ਵੀਡੀਓ ਦਿਖਾਉਣ ਦਾ ਵੀ ਦੋਸ਼ੀ ਪਾਇਆ ਗਿਆ। ਇਸਤਗਾਸਾ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਨੇ ਲੜਕੀ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ।