ਥਰੂਰ ਨੇ ਗੋਇਲ ਤੇ ਬ੍ਰਿਟਿਸ਼ ਵਪਾਰ ਮੰਤਰੀ ਨਾਲ ਲਈ ਸੈਲਫੀ
Tuesday, Feb 25, 2025 - 10:21 PM (IST)

ਨਵੀਂ ਦਿੱਲੀ, (ਭਾਸ਼ਾ)- ਸੀਨੀਅਰ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਮੰਗਲਵਾਰ ਨੂੰ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਤੇ ਯੂ. ਕੇ. ਦੇ ਵਪਾਰ ਮੰਤਰੀ ਜੋਨਾਥਨ ਰੇਨਾਲਡਸ ਨਾਲ ਇਕ ਸੈਲਫੀ ਪੋਸਟ ਕੀਤੀ ਅਤੇ ਕਿਹਾ ਕਿ ਲੰਬੇ ਸਮੇਂ ਤੋਂ ਰੁਕੀ ਹੋਈ ਭਾਰਤ-ਯੂ. ਕੇ. ਮੁਕਤ ਵਪਾਰ ਸਮਝੌਤਾ (ਐੱਫ. ਟੀ. ਏ.) ਗੱਲਬਾਤ ਦੀ ਫਿਰ ਤੋਂ ਬਹਾਲੀ ਸਵਾਗਤਯੋਗ ਹੈ।
ਉਨ੍ਹਾਂ ਸੋਮਵਾਰ ਨੂੰ ਇਕ ਪ੍ਰੋਗਰਾਮ ਵਿਚ ਹੋਈ ਇਸ ਮੁਲਾਕਾਤ ਨੂੰ ਲੈ ਕੇ ‘ਐਕਸ’ ’ਤੇ ਪੋਸਟ ਕੀਤਾ ਕਿ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਤੇ ਯੂ. ਕੇ. ਦੇ ਵਪਾਰ ਮੰਤਰੀ ਜੋਨਾਥਨ ਰੇਨਾਲਡਸ ਨਾਲ ਗੱਲਬਾਤ ਕਰ ਕੇ ਚੰਗਾ ਲੱਗਿਆ। ਦੂਜੇ ਪਾਸੇ, ਭਾਜਪਾ ਨੇ ਦਾਅਵਾ ਕੀਤਾ ਕਿ ਕਾਂਗਰਸ ਪ੍ਰਧਾਨ ਅਹੁਦੇ ਦੀਆਂ ਚੋਣਾਂ ਵਿਚ ਗਾਂਧੀ ਪਰਿਵਾਰ ਦੇ ‘ਉਮੀਦਵਾਰ’ ਰਹੇ ਮਲਿਕਾਰੁਜਨ ਖੜਗੇ ਖਿਲਾਫ ਚੋਣਾਂ ਲੜਨ ਤੋਂ ਬਾਅਦ ਥਰੂਰ ਦਾ ਹਾਸ਼ੀਏ ’ਤੇ ਜਾਣਾ ਲਾਜ਼ਮੀ ਸੀ।