ਕੱਪੜਾ ਫੈਕਟਰੀ ''ਚ ਫਟਿਆ ਬਾਇਲਰ, 5 ਔਰਤਾਂ ਸਮੇਤ 20 ਲੋਕ ਜ਼ਖ਼ਮੀ
Saturday, Apr 26, 2025 - 01:24 PM (IST)

ਨੋਇਡਾ- ਸ਼ਨੀਵਾਰ ਸਵੇਰੇ ਨੋਇਡਾ ਦੀ ਇਕ ਕੱਪੜਾ ਫੈਕਟਰੀ ਵਿਚ ਦੋ ਬਾਇਲਰ ਫਟਣ ਨਾਲ 5 ਔਰਤਾਂ ਸਮੇਤ ਘੱਟੋ-ਘੱਟ 20 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਕ ਪੁਲਸ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਸੈਕਟਰ-63 ਦੇ ਸੀ-122 ਵਿਖੇ ਸਥਿਤ 'ਵਿੰਡਸਰ ਕੰਪਨੀ' ਵਿਚ ਉਸ ਸਮੇਂ ਵਾਪਰੀ ਜਦੋਂ ਕੱਪੜਿਆਂ ਨੂੰ ਪ੍ਰੈੱਸ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਮਾਰਤ ਦੇ ਸ਼ੀਸ਼ੇ ਟੁੱਟ ਗਏ ਅਤੇ ਕੰਧਾਂ 'ਚ ਤਰੇੜਾਂ ਆ ਗਈਆਂ। ਬੁਲਾਰੇ ਨੇ ਦੱਸਿਆ ਕਿ ਹਾਦਸੇ ਵਿਚ 5 ਔਰਤਾਂ ਸਮੇਤ ਘੱਟੋ-ਘੱਟ 20 ਲੋਕ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਰਾਹਤ ਕਾਰਜ ਜਾਰੀ ਹਨ। ਬੁਲਾਰੇ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।