ਅੱਤਵਾਦੀਆਂ ਦਾ ਸਫਾਇਆ ਕਰਨ ’ਚ ਕੋਈ ਝਿਜਕ ਨਹੀਂ : ਰਾਜਨਾਥ
Thursday, Jul 03, 2025 - 12:29 AM (IST)

ਪਟਨਾ, (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅੱਤਵਾਦੀ ਭਾਵੇਂ ਕਿਤੇ ਵੀ ਹੋਣ, ਨਰਿੰਦਰ ਮੋਦੀ ਸਰਕਾਰ ਉਨ੍ਹਾਂ ਦਾ ਸਫਾਇਅਾ ਕਰਨ ਤੋਂ ਨਹੀਂ ਝਿਜਕੇਗੀ। ਮਾਸਟਰਮਾਈਂਡ ਤੇ ਉਨ੍ਹਾਂ ਨੂੰ ਸਪਾਂਸਰ ਕਰਨ ਵਾਲੀਆਂ ਸਰਕਾਰਾਂ ’ਚ ਕੋਈ ਫਰਕ ਨਹੀਂ ਕੀਤਾ ਜਾਵੇਗਾ।
ਬੁੱਧਵਾਰ ਬਿਹਾਰ ’ਚ ਭਾਰਤੀ ਜਨਤਾ ਪਾਰਟੀ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਗੁਆਂਢੀ ਦੇਸ਼ ਦਾ ਨਾਂ ਲਏ ਬਿਨਾਂ ਪਾਕਿਸਤਾਨ ਨੂੰ ਇਹ ਸਖ਼ਤ ਸੰਦੇਸ਼ ਦਿੱਤਾ।
ਰੱਖਿਆ ਮੰਤਰੀ ਨੇ ਕਿਹਾ ਕਿ ਮੋਦੀ ਦੀ ਅਗਵਾਈ ਹੇਠ ‘ਸਰਜੀਕਲ ਸਟ੍ਰਾਈਕ’ ਅਤੇ ਬਾਲਾਕੋਟ ਹਵਾਈ ਹਮਲੇ ਵਰਗੇ ਕਦਮਾਂ ਨਾਲ ਦੇਸ਼ ਦੀ ਸੁਰੱਖਿਆ ਨੀਤੀ ਬਦਲ ਗਈ ਹੈ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸ਼ੁਰੂ ਕੀਤੇ ਗਏ ਫੌਜੀ ਆਪ੍ਰੇਸ਼ਨ ਦਾ ਹਵਾਲਾ ਦਿੰਦੇ ਹੋਏ ਰਾਜਨਾਥ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਅਧੀਨ ਪਹਿਲੀ ਵਾਰ ਅਸੀਂ ਆਪਣੀ ਸਰਹੱਦ ਤੋਂ 100 ਕਿਲੋਮੀਟਰ ਦੂਰ ਸਥਿਤ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕੀਤਾ। ਅਸੀਂ ਸਿਰਫ਼ ਉਨ੍ਹਾਂ ’ਤੇ ਹਮਲਾ ਕੀਤਾ ਜਿਨ੍ਹਾਂ ਨੇ ਸਾਡੇ ’ਤੇ ਹਮਲਾ ਕੀਤਾ ਸੀ। ਕਿਸੇ ਵੀ ਨਾਗਰਿਕ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ।
ਰਾਜਨਾਥ ਨੇ ਕਿਹਾ ਕਿ ਮੋਦੀ ਦੇ ‘ਸਵਦੇਸ਼ੀਕਰਨ’ ਅਤੇ ‘ਸਵੈ-ਨਿਰਭਰ ਭਾਰਤ' ’ਤੇ ਜ਼ੋਰ ਦੇਣ ਕਾਰਨ ਦੇਸ਼ ਦੀ ਰੱਖਿਆ ਬਰਾਮਦ ਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ 'ਮੋਦੀ ਸਰਕਾਰ ਇਕ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨਾਲ ਕੰਮ ਕਰਦੀ ਹੈ, ਜੋ ਕਾਂਗਰਸ ਦੀ ਅਗਵਾਈ ਵਾਲੀਆਂ ਪਿਛਲੀਆਂ ਸਰਕਾਰਾਂ ਤੋਂ ਬਿਲਕੁਲ ਵੱਖ ਹੈ। ਪਹਿਲੀਆਂ ਸਰਕਾਰਾਂ ਦਿਸ਼ਾਹੀਣ ਸਨ ਤੇ ਵੋਟ ਬੈਂਕ ਦੀਆਂ ਚਿੰਤਾਵਾਂ ਤੋਂ ਪ੍ਰੇਰਿਤ ਸਨ।