‘ਧੜਕ-2’ ਅੰਤਰਜਾਤੀ ਪ੍ਰੇਮ ਕਹਾਣੀ ’ਤੇ ਕੋਈ ਪਹਿਲੀ ਫਿਲਮ ਨਹੀਂ ਪਰ ਇਸ ’ਚ ਖ਼ਾਸ ਨਜ਼ਰੀਆ ਪੇਸ਼ ਕੀਤਾ: ਸਾਜ਼ੀਆ

Thursday, Aug 14, 2025 - 11:09 AM (IST)

‘ਧੜਕ-2’ ਅੰਤਰਜਾਤੀ ਪ੍ਰੇਮ ਕਹਾਣੀ ’ਤੇ ਕੋਈ ਪਹਿਲੀ ਫਿਲਮ ਨਹੀਂ ਪਰ ਇਸ ’ਚ ਖ਼ਾਸ ਨਜ਼ਰੀਆ ਪੇਸ਼ ਕੀਤਾ: ਸਾਜ਼ੀਆ

ਮੁੰਬਈ- ਨਿਰਦੇਸ਼ਕ ਸਾਜ਼ੀਆ ਇਕਬਾਲ ਦੀ ਫਿਲਮ ‘ਧੜਕ-2’ ਦਰਸ਼ਕਾਂ ਦੇ ਦਿਲਾਂ ਨੂੰ ਛੂਹਣ ’ਚ ਸਫਲ ਰਹੀ ਹੈ। ਧਰਮਾ ਪ੍ਰੋਡਕਸ਼ਨ, ਜ਼ੀ ਸਟੂਡੀਓਜ਼ ਅਤੇ ਕਲਾਊਡ 9 ਪਿਕਚਰਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ’ਚ ਤ੍ਰਿਪਤੀ ਡਿਮਰੀ, ਸਿਧਾਂਤ ਚਤੁਰਵੇਦੀ ਅਤੇ ਸੌਰਭ ਸਚਦੇਵਾ ਮੁੱਖ ਭੂਮਿਕਾਵਾਂ ’ਚ ਨਜ਼ਰ ਆ ਰਹੇ ਹਨ। ਫਿਲਮ ਦੀ ਕਹਾਣੀ ਅਜਿਹੇ ਪਿਆਰ ਦੀ ਕਹਾਣੀ ਹੈ, ਜੋ ਜਾਤੀਵਾਦ ਦੀਆਂ ਸਮਾਜਿਕ ਕੰਧਾਂ ਨਾਲ ਟਕਰਾਉਂਦੀ ਹੈ। ਇਹ ਪ੍ਰੇਮ ਕਹਾਣੀ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਆਪਣੇ ਅੰਜਾਮ ਤੱਕ ਪਹੁੰਚਦੀ ਹੈ ਅਤੇ ਅੰਤ ਪਿਆਰ ਦੀ ਜਿੱਤ ਹੁੰਦੀ ਹੈ। ਫਿਲਮ ਤੇ ਇਸ ਦੇ ਸੰਦੇਸ਼ ਬਾਰੇ ਸਾਜ਼ੀਆ ਇਕਬਾਲ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਪ੍ਰ. ਇਹ ਫਿਲਮ ਬਣਾਉਣ ਦਾ ਵਿਚਾਰ ਤੁਹਾਡੇ ਮਨ ’ਚ ਕਿਵੇਂ ਆਇਆ?

-ਦਰਅਸਲ ਇਹ ਫਿਲਮ ਮਾਰੀ ਸੇਲਵਰਾਜ ਦੀ ਤਾਮਿਲ ਫਿਲਮ ‘ਪਰਿਯੇਰੂਮ ਪੇਰੂਮਲ’ ਦਾ ਅਡਾਪਟੇਸ਼ਨ ਹੈ। ਇਸ ਦੇ ਅਧਿਕਾਰ ਪ੍ਰੋਡਕਸ਼ਨ ਹਾਊਸ ਕੋਲ ਸਨ। ਮੇਰੀ ਛੋਟੀ ਫਿਲਮ ‘ਬੇਬਾਕ’ ਦੇਖਣ ਤੋਂ ਬਾਅਦ ਸੋਮੇਨ ਮਿਸ਼ਰਾ ਨੇ ਮੇਰੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਮੇਰੇ ਕੋਲ ਇਕ ਸਕ੍ਰਿਪਟ ਹੈ ਤਾਂ ਕੀ ਤੁਸੀਂ ਬਣਾਉਣਾ ਚਾਹੋਗੇ। ਹਾਲਾਂਕਿ ਮੇਰੀ ਪਹਿਲੀ ਸਕ੍ਰਿਪਟ ਨਹੀਂ ਬਣ ਸਕੀ ਪਰ ਬਾਅਦ ਵਿਚ ਜਦੋਂ ‘ਪਰਿਯੇਰੂਮ ਪੇਰੂਮਲ’ ਦੇ ਰਾਈਟਸ ਉਨ੍ਹਾਂ ਕੋਲ ਆਏ ਤਾਂ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਇਸ ਨੂੰ ਨਿਰਦੇਸ਼ਤ ਕਰਨਾ ਚਾਹਾਂਗੀ। ਫਿਲਮ ਦੇਖਣ ਤੋਂ ਬਾਅਦ ਮੈਨੂੰ ਲੱਗਾ ਕਿ ਇਸ ਵਿਚ ਬਹੁਤ ਕੁਝ ਕਹਿਣ ਦਾ ਸਕੋਪ ਹੈ। ਫਿਰ ਕਰਨ ਜੌਹਰ ਨਾਲ ਮੁਲਾਕਾਤ ਹੋਈ, ਉਨ੍ਹਾਂ ਨੂੰ ਵੀ ਮੇਰੀ ਸ਼ਾਰਟ ਫਿਲਮ ਬਹੁਤ ਪਸੰਦ ਆਈ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮੈਂ ਇਸ ਫਿਲਮ ਨੂੰ ਨਿਰਦੇਸ਼ਤ ਕਰਨ ਲਈ ਸਹੀ ਇਨਸਾਨ ਹਾਂ।

ਪ੍ਰ. ਕਾਸਟਿੰਗ ਪ੍ਰਕਿਰਿਆ ਕਿਵੇਂ ਰਹੀ? ਖ਼ਾਸ ਕਰ ਕੇ ਤ੍ਰਿਪਤੀ ਡਿਮਰੀ, ਸਿਧਾਂਤ ਚਤੁਰਵੇਦੀ ਅਤੇ ਸੌਰਭ ਸਚਦੇਵਾ ਦੀ ਪਰਫਾਰਮੈਂਸ ਦੀ ਬਹੁਤ ਸ਼ਲਾਘਾ ਕੀਤੀ ਗਈ ਹੈ।

-ਜਦੋਂ ਸਕ੍ਰਿਪਟ ਲਿਖਣ ਦਾ ਵਿਕਾਸ ਪੜਾਅ ਪੂਰਾ ਹੋਇਆ ਤਾਂ ਸਟੂਡੀਓ ਤੇ ਪ੍ਰੋਡਿਊਸਰਜ਼ ਨਾਲ ਮਿਲ ਕੇ ਕਾਸਟਿੰਗ ਸ਼ੁਰੂ ਹੋਈ। ਸਿਧਾਂਤ ਦਾ ਨਾਂ ਸਭ ਤੋਂ ਪਹਿਲਾਂ ਸਾਹਮਣੇ ਆਇਆ। ਮੈਨੂੰ ‘ਗਲੀ ਬੁਆਏ’ ’ਚ ਉਨ੍ਹਾਂ ਦਾ ਕੰਮ ਪਸੰਦ ਸੀ ਪਰ ਫਿਰ ਮੈਂ ‘ਇਨਸਾਈਡ ਐਜ’ ਦਾ ਐਪੀਸੋਡ ਦੇਖਿਆ ਤੇ ਉਨ੍ਹਾਂ ਦੀ ਰੇਂਜ ਦੇਖ ਕੇ ਪ੍ਰਭਾਵਿਤ ਹੋ ਗਈ। ਕਰਨ ਨੇ ਸਿਧਾਂਤ ਨਾਲ ਮੀਟਿੰਗ ਤੈਅ ਕੀਤੀ ਤੇ ਸਕ੍ਰਿਪਟ ਸੁਣਾਈ। ਸਕ੍ਰਿਪਟ ਸੁਣਦਿਆਂ ਹੀ ਉਨ੍ਹਾਂ ਨੇ ਤੁਰੰਤ ਹਾਂ ਕਹਿ ਦਿੱਤੀ। ਤ੍ਰਿਪਤੀ ਨੂੰ ਲੈਣ ਦਾ ਫ਼ੈਸਲਾ ਥੋੜ੍ਹਾ ਬਾਅਦ ’ਚ ਹੋਇਆ। ਅਸੀਂ ਲਗਭਗ 4 ਮਹੀਨਿਆਂ ਤਕ ਅਭਿਨੇਤਰੀ ਦੀ ਭਾਲ ਕਰਦੇ ਰਹੇ। ਸਿਧਾਂਤ ਤੇ ਕਰਨ ਨੇ ਤ੍ਰਿਪਤੀ ਦਾ ਨਾਂ ਸੁਝਾਇਆ। ‘ਲੈਲਾ ਮਜਨੂੰ’ ਵਿਚ ਮੈਂ ਉਨ੍ਹਾਂ ਨੂੰ ਦੇਖਿਆ ਸੀ ਅਤੇ ਜਦੋਂ ਉਨ੍ਹਾਂ ਨੂੰ ਸਕ੍ਰਿਪਟ ਸੁਣਾਈ ਗਈ ਤਾਂ ਉਹ ਪੂਰੀ ਤਰ੍ਹਾਂ ਇਨਵਾਲਵ ਹੋ ਗਈ। ਸੌਰਭ ਸਚਦੇਵਾ ਦੀ ਭੂਮਿਕਾ ਲਈ ਪਹਿਲਾਂ ਕਈ ਵੱਡੇ ਨਾਵਾਂ ’ਤੇ ਵਿਚਾਰ ਕੀਤਾ ਗਿਆ ਸੀ ਪਰ ਤਰੀਕਾਂ ਦੀ ਸਮੱਸਿਆ ਸੀ। ਉਦੋਂ ਹੀ ‘ਜਾਨੇ ਜਾਂ’ ਰਿਲੀਜ਼ ਹੋਈ ਅਤੇ ਸੌਰਭ ਨੂੰ ਦੇਖਣ ਤੋਂ ਬਾਅਦ ਲੱਗਾ ਕਿ ਉਹ ਹੀ ਸਹੀ ਅਦਾਕਾਰ ਹੈ। ਮੁਕੇਸ਼ ਛਾਬੜਾ ਨੇ ਕਨੈਕਟ ਕਰਾਇਆ ਤੇ ਸਕ੍ਰਿਪਟ ਸੁਣਨ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਹਾਮੀ ਭਰ ਦਿੱਤੀ। ਤ੍ਰਿਪਤੀ, ਸਿਧਾਂਤ, ਸੌਰਭ ਤੋਂ ਇਲਾਵਾ ਪ੍ਰਿਯਾਂਕ, ਸਾਦ, ਆਦਿਤਿਆ, ਦੀਕਸ਼ਾ, ਮੰਜਰੀ, ਵਿਪਿਨ, ਜ਼ਾਕਿਰ ਹੁਸੈਨ ਸਾਰਿਆਂ ਨੇ ਸ਼ਾਨਦਾਰ ਕੰਮ ਕੀਤਾ। ਭੋਪਾਲ ਦੇ ਥੀਏਟਰ ਕਲਾਕਾਰਾਂ ਨੇ ਵੀ ਛੋਟੀਆਂ ਭੂਮਿਕਾਵਾਂ ’ਚ ਗਜ਼ਬ ਦਾ ਅਸਰ ਪਾਇਆ।

ਪ੍ਰ. ਫਿਲਮ ਜਾਤੀ ਵਰਗੇ ਗੰਭੀਰ ਮੁੱਦੇ ’ਤੇ ਆਧਾਰਤ ਹੈ। ਨਾਲ ਹੀ ਇਕ ਲਵ ਸਟੋਰੀ ਵੀ ਦਿਸਦੀ ਹੈ। ਇਸ ਨੂੰ ਬੈਲੈਂਸ ਕਰਨਾ ਕਿੰਨਾ ਚੁਣੌਤੀਪੂਰਨ ਸੀ?

-ਮੇਰੇ ਲਈ ਇਹ ਇਕ ਦਲੇਰੀ ਵਾਲਾ ਕਦਮ ਨਹੀਂ ਸੀ ਸਗੋਂ ਮੈਨੂੰ ਇਹ ਬਹੁਤ ਜ਼ਰੂਰੀ ਲੱਗਿਆ ਸੀ। ਜਦੋਂ ਤੁਸੀਂ ਕੋਈ ਲਵ ਸਟੋਰੀ ਦਿਖਾ ਰਹੇ ਹੋ ਤਾਂ ਉਸ ਜੋੜੇ ਦੀ ਪਛਾਣ, ਜਾਤੀ, ਵਰਗ ਆਦਿ ਵੀ ਉਨ੍ਹਾਂ ਦੇ ਰਿਸ਼ਤੇ ’ਤੇ ਅਸਰ ਪਾਉਂਦੇ ਹਨ। ਮੈਂ ਮਣੀ ਰਤਨਮ, ਸ਼ਿਆਮ ਬੇਨੇਗਲ, ਸਈਅਦ ਮਿਰਜ਼ਾ ਵਰਗੇ ਫਿਲਮਕਾਰਾਂ ਤੋਂ ਬਹੁਤ ਪ੍ਰਭਾਵਿਤ ਹਾਂ, ਜਿਨ੍ਹਾਂ ਨੇ ਆਪਣੀਆਂ ਫਿਲਮਾਂ ’ਚ ਪਛਾਣ ਅਤੇ ਸਮਾਜ ਨੂੰ ਕਦੇ ਕਰੈਕਟਰ ਤੋਂ ਵੱਖ ਨਹੀਂ ਰੱਖਿਆ। ਮੈਨੂੰ ਲੱਗਦਾ ਹੈ ਕਿ ਪਛਾਣ ਨੂੰ ਵੱਖ ਕਰ ਕੇ ਤੁਸੀਂ ਲਵ ਸਟੋਰੀ ਨੂੰ ਕਮਜ਼ੋਰ ਕਰ ਦਿੰਦੇ ਹੋ। ਇਸੇ ਲਈ ਮੈਂ ਕੋਸ਼ਿਸ਼ ਕੀਤੀ ਕਿ ਲਵ ਸਟੋਰੀ ਦੇ ਨਾਲ-ਨਾਲ ਸਮਾਜਿਕ ਹਕੀਕਤ ਨੂੰ ਸਾਹਮਣੇ ਲਿਆਂਦਾ ਜਾਵੇ।

ਪ੍ਰ. ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਦੀ ਜੇਨ-ਜੀ ਪੀੜ੍ਹੀ ਜਾਤੀਵਾਦ ਤੋਂ ਉੱਪਰ ਉੱਠ ਚੁੱਕੀ ਹੈ?

-ਮੈਨੂੰ ਨਹੀਂ ਲੱਗਦਾ ਕਿ ਅਸੀਂ ਜਾਤੀਵਾਦ ਤੋਂ ਉੱਪਰ ਉੱਠੇ ਹਾਂ। ਮੈਂ ਦੇਖਦੀ ਹਾਂ ਕਿ ਅੱਜ ਵੀ ਬਹੁਤ ਸਾਰੇ ਨੌਜਵਾਨ ਮਾਪਿਆਂ, ਸੱਭਿਆਚਾਰ ਅਤੇ ਧਾਰਮਿਕ ਮਾਨਤਾਵਾਂ ਦੇ ਪ੍ਰਭਾਵ ਹੇਠ ਇੰਨੇ ਜ਼ਿਆਦਾ ਹਨ ਕਿ ਉਹ ਚੀਜ਼ਾਂ ’ਤੇ ਸਵਾਲ ਕਰਨਾ ਹੀ ਨਹੀਂ ਚਾਹੁੰਦੇ। ਜਦੋਂ ਤਕ ਅਸੀਂ ਆਪਣੇ ਲਈ ਖ਼ੁਦ ਨਹੀਂ ਸੋਚਦੇ, ਉਦੋਂ ਤਕ ਬਦਲਾਅ ਸੰਭਵ ਨਹੀਂ ਹੈ। ਜਾਤੀਵਾਦ ਤੇ ਸਮਾਜਿਕ ਪਛਾਣ ਅੱਜ ਵੀ ਡੂੰਘਾਈ ਨਾਲ ਸਾਡੇ ਸਮਾਜ ਵਿਚ ਮੌਜੂਦ ਹੈ, ਸਿਰਫ਼ ਸੋਸ਼ਲ ਮੀਡੀਆ ’ਤੇ ਗੱਲ ਕਰਨ ਨਾਲ ਬਦਲਾਅ ਨਹੀਂ ਆਉਂਦਾ।

ਪ੍ਰ. ਨਿਰਦੇਸ਼ਨ ਲਈ ਤੁਹਾਡੇ ਅਨੁਸਾਰ ਸਭ ਤੋਂ ਜ਼ਰੂਰੀ ਤੱਤ ਕੀ ਹੈ ਕਹਾਣੀ, ਅਦਾਕਾਰੀ ਜਾਂ ਕੈਮਰਾ?

ਮੇਰੇ ਲਈ ਸਭ ਤੋਂ ਜ਼ਰੂਰੀ ਹੈ ਕਹਾਣੀ। ਕਿਸੇ ਨਿਰਦੇਸ਼ਕ ਕੋਲ ਤਕਨੀਕੀ ਗਿਆਨ ਹੋਵੇ ਜਾਂ ਨਾ, ਜੇ ਕਹਾਣੀ ’ਚ ਦਮ ਹੈ ਅਤੇ ਸਹਾਇਕ ਟੀਮ ਚੰਗੀ ਹੈ ਤਾਂ ਹੀ ਫਿਲਮ ਬਣਾਈ ਜਾ ਸਕਦੀ ਹੈ। ‘ਧੜਕ-2’ ਕੋਈ ਪਹਿਲੀ ਫਿਲਮ ਨਹੀਂ ਹੈ, ਜੋ ਕਿਸੇ ਅੰਤਰਜਾਤੀ ਪ੍ਰੇਮ ਕਹਾਣੀ ’ਤੇ ਆਧਾਰਤ ਹੈ ਪਰ ਇਸ ਵਿਚ ਮੈਂ ਇਕ ਖ਼ਾਸ ਨਜ਼ਰੀਆ ਪੇਸ਼ ਕੀਤਾ ਹੈ, ਜਿਵੇਂ ਨੀਲੇਸ਼ ਨੂੰ ਆਪਣੀ ਪਛਾਣ ਸਵੀਕਾਰ ਕਰਨੀ ਚਾਹੀਦੀ ਹੈ ਤੇ ਵਿਧੀ ਨੂੰ ਇਕ ਔਰਤ ਹੋਣ ਨਾਤੇ ਆਪਣੀ ਆਜ਼ਾਦੀ ਲਈ ਖੜ੍ਹਾ ਹੋਣਾ ਚਾਹੀਦਾ ਹੈ।

ਖ਼ੁਦ ਪੜ੍ਹ ਕੇ, ਵੀਡੀਓ ਦੇਖ ਕੇ ਤੇ ਵਰਕਸ਼ਾਪਾਂ ਕਰ ਕੇ ਸਿੱਖਿਆ

ਪ੍ਰ. ਨਿਰਦੇਸ਼ਨ ਵੱਲ ਰੁਖ਼ ਕਿਵੇਂ ਹੋਇਆ?

- ਮੈਂ ਪਹਿਲਾਂ ਐਡਵਰਟਾਈਜ਼ਿੰਗ ’ਚ ਸੀ ਪਰ ਹੌਲੀ-ਹੌਲੀ ਮੇਰੀ ਇਸ ਵਿਚ ਦਿਲਚਸਪੀ ਖ਼ਤਮ ਹੋ ਗਈ। ਫਿਰ ਮੈਂ ਸਕ੍ਰਿਪਟਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਹ ਚੰਗਾ ਲੱਗਣ ਲੱਗਾ। ਇਕ ਸਕ੍ਰਿਪਟ ਲੈਬ ਵਿਚ ਮੇਰੀ ਕਹਾਣੀ ਚੁਣੀ ਗਈ ਅਤੇ ਮੈਨੂੰ ਉੱਥੋਂ ਤਾਰੀਫ ਵੀ ਮਿਲੀ। ਇਸ ਤੋਂ ਬਾਅਦ ਮੈਂ ਸ਼ਾਰਟ ਫਿਲਮ ਨਿਰਦੇਸ਼ਤ ਕੀਤੀ ਅਤੇ ਨਿਰਦੇਸ਼ਨ ਵੱਲ ਕਦਮ ਵਧਾਏ। ਫਿਲਮ ਸਕੂਲ ਨਹੀਂ ਗਈ ਸੀ, ਇਸ ਲਈ ਖ਼ੁਦ ਪੜ੍ਹ ਕੇ, ਵੀਡੀਓ ਦੇਖ ਕੇ ਅਤੇ ਵਰਕਸ਼ਾਪ ਕਰ ਕੇ ਸਿੱਖਿਆ। ਇਹ ਇਕ ਲੰਬੀ ਪ੍ਰਕਿਰਿਆ ਸੀ, ਕੋਈ ਇਕ ਮੂਮੈਂਟ ਨਹੀਂ ਸੀ।

ਪ੍ਰ. ਸੈਂਸਰ ਬੋਰਡ ਸਾਹਮਣੇ ਫਿਲਮ ਪੇਸ਼ ਕਰਦੇ ਸਮੇਂ ਕੀ ਕੋਈ ਗੱਲ ਧਿਆਨ ’ਚ ਰੱਖੀ ਸੀ?

- ਮੇਰੇ ਲਈ ਇਹ ਪਹਿਲਾ ਅਨੁਭਵ ਸੀ। ਬੇਬਾਕ ਸ਼ਾਰਟ ਫਿਲਮ ਸੈਂਸਰ ਹੋ ਚੁੱਕੀ ਸੀ ਪਰ ਉੱਥੇ ਅਨੁਭਵ ਸੀਮਤ ਸੀ। ‘ਧੜਕ-2’ ਲਈ ਮੈਂ ਬਿਲਕੁਲ ਕਲੀਨ ਸਲੇਟ ਨਾਲ ਗਈ। ਸਾਨੂੰ ਇਸ ਗੱਲ ਦਾ ਡਰ ਸੀ ਕਿ ਸ਼ਾਇਦ ਕੁਝ ਕੱਟ ਲੱਗਣ ਪਰ ਮੈਂ ਫਿਲਮ ਇਸ ਸੋਚ ਨਾਲ ਨਹੀਂ ਬਣਾਈ ਕਿ ਕਿਹੜੀਆਂ ਚੀਜ਼ਾਂ ਲੋਕਾਂ ਨੂੰ ਠੇਸ ਪਹੁੰਚਾ ਸਕਦੀਆਂ ਹਨ। ਅੱਜ ਦੇ ਸਮੇਂ ਵਿਚ ਕੁਝ ਵੀ ਕਿਸੇ ਨੂੰ ਠੇਸ ਪਹੁੰਚਾ ਸਕਦਾ ਹੈ, ਇਸ ਲਈ ਸਭ ਕੁਝ ਸੋਚ-ਵਿਚਾਰ ਕਰ ਕੇ ਲਿਖਣਾ ਅਤੇ ਬਣਾਉਣਾ ਸੰਭਵ ਨਹੀਂ ਹੈ।

ਪ੍ਰ. ਭਵਿੱਖ ’ਚ ਤੁਸੀਂ ਕਿਸ ਤਰ੍ਹਾਂ ਦੀਆਂ ਫਿਲਮਾਂ ਬਣਾਉਣਾ ਚਾਹੋਗੇ?

- ਮੇਰਾ ਕੋਈ ਏਜੰਡਾ ਨਹੀਂ ਹੈ ਸਮਾਜ ਸੁਧਾਰਨ ਦਾ। ਮੇਰਾ ਸਿਰਫ਼ ਇੰਨਾ ਮੰਨਣਾ ਹੈ ਕਿ ਜੋ ਚੀਜ਼ਾਂ ਸਮਾਜ ’ਚ ਆਮ ਹੋ ਗਈਆਂ ਹਨ ਪਰ ਅਸਲ ਵਿਚ ਸਹੀ ਨਹੀਂ ਹਨ, ਉਨ੍ਹਾਂ ਨੂੰ ਚੁਣੌਤੀ ਦੇਣਾ ਕਲਾਕਾਰ ਦਾ ਕੰਮ ਹੁੰਦਾ ਹੈ। ਅਗਲੀ ਵਾਰ ਮੈਂ ਇਕ ਐਕਸ਼ਨ-ਕਾਮੇਡੀ ਬਣਾਉਣਾ ਚਾਹੁੰਦੀ ਹਾਂ ਪਰ ਉਸ ’ਚ ਵੀ ਇਕ ਸੋਸ਼ਲ ਕਮੈਂਟਰੀ ਹੋਵੇਗੀ। ਜਿਵੇਂ ਹਾਰਰ ਜਾਂ ਸੁਪਰਹੀਰੋ ਜਾਨਰ ’ਚ ਵੀ ਤੁਸੀਂ ਗੰਭੀਰ ਗੱਲਾਂ ਕਹਿ ਸਕਦੇ ਹੋ, ਉਸੇ ਤਰ੍ਹਾਂ ਮੈਂ ਵੀ ਮਨੋਰੰਜਨ ਨਾਲ ਕੁਝ ਡੂੰਘਾਈ ਲਿਆਉਣਾ ਚਾਹੁੰਦੀ ਹਾਂ।

 


author

cherry

Content Editor

Related News