ਦਰੱਖਤ ਦੇ ਹੇਠਾਂ ਬਣਾਇਆ ਅੱਤਵਾਦੀ ਟਿਕਾਣਾ ਕੀਤਾ ਤਹਿਸ-ਨਹਿਸ, ਹਥਿਆਰ ਬਰਾਮਦ
Thursday, Oct 12, 2023 - 05:19 PM (IST)
ਭੱਦਰਵਾਹ/ਜੰਮੂ/ਸ੍ਰੀਨਗਰ, (ਉਦੇ,ਹਰਦੇਵ,ਅਰੁਣ)- ਜੰਮੂ-ਕਸ਼ਮੀਰ ਪੁਲਸ ਅਤੇ ਫੌਜ ਨੇ ਮੰਗਲਵਾਰ ਨੂੰ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਅੱਤਵਾਦੀਆਂ ਦੇ ਇਕ ਟਿਕਾਣੇ ਨੂੰ ਤਹਿਸ-ਨਹਿਸ ਕਰ ਕੇ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਅੱਤਵਾਦੀਆਂ ਨੇ ਆਪਣੇ ਹਥਿਆਰ ਤੇ ਲੁਕਣ ਲਈ ਇਹ ਟਿਕਾਣਾ ਇਕ ਦਰੱਖਤ ਦੇ ਹੇਠਾਂ ਬਣਾਇਆ ਹੋਇਆ ਸੀ। ਜਵਾਨਾਂ ਨੇ ਦਰੱਖਤ ਦੇ ਹੇਠਾਂ ਬਣਾਏ ਅੱਤਵਾਦੀ ਟਿਕਾਣੇ ਦੀ ਤਲਾਸ਼ੀ ਲਈ ਤਾਂ ਉਥੋਂ 3 ਪਿਸਤੌਲਾਂ, 9 ਮੈਗਜ਼ੀਨ, 79 ਕਾਰਤੂਸ ਅਤੇ ਹੋਰ ਜੰਗ ’ਚ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਹੋਇਆ।
ਉੱਧਰ ਸੁਰੱਖਿਆ ਫੋਰਸਾਂ ਵਲੋਂ ਉੱਤਰੀ ਕਸ਼ਮੀਰ ਦੇ ਜ਼ਿਲਾ ਬਾਰਾਮੁੱਲਾ ਵਿਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਅਤੇ ਦਿ ਰੇਜਿਸਟੈਂਸ ਫਰੰਟ ਨਾਲ ਜੁੜੇ ਸਹਿਯੋਗੀ ਨੂੰ ਗ੍ਰਿਫਤਾਰ ਕਰ ਕੇ ਉਸਦੇ ਕਬਜ਼ੇ ਤੋਂ ਹਥਿਆਰ, ਗੋਲਾ-ਬਾਰੂਦ ਅਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ।
ਅਧਿਕਾਰਤ ਜਾਣਕਾਰੀ ਮੁਤਾਬਕ ਬਾਰਾਮੁੱਲਾ ਜ਼ਿਲੇ ਦੇ ਉਸ਼ਕਾਰਾ ਖੇਤਰ ਵਿਚ ਅੱਤਵਾਦੀ ਸਰਗਰਮੀਆਂ ਨਾਲ ਸਬੰਧਤ ਇਕ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਜੰਮੂ-ਕਸ਼ਮੀਰ ਪੁਲਸ, ਫੌਜ ਦੀ 46ਵੀਂ ਰਾਸ਼ਟਰੀ ਰਾਈਫਲਜ਼ (ਆਰ. ਆਰ.) ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਵਲੋਂ ਖੇਤਰ ਵਿਚ ਸਾਂਝਾ ਨਾਕਾ ਸਥਾਪਤ ਕੀਤਾ ਗਿਆ। ਨਾਕੇ ’ਤੇ ਸੁਰੱਖਿਆ ਕਰਮੀਆਂ ਵਲੋਂ ਸ਼ੱਕ ਦੇ ਆਧਾਰ ’ਤੇ ਜਦੋਂ ਇਕ ਵਿਅਕਤੀ ਨੂੰ ਰੁਕਣ ਨੂੰ ਕਿਹਾ ਗਿਆ ਤਾਂ ਉਸਨੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ।
ਨਾਕੇ ’ਤੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਸ਼ੱਕ ਦੇ ਆਧਾਰ ’ਤੇ ਜਦੋਂ ਇਕ ਵਿਅਕਤੀ ਨੂੰ ਰੁਕਣ ਨੂੰ ਕਿਹਾ ਗਿਆ ਤਾਂ ਉਸ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਚੌਕਸ ਸੁਰੱਖਿਆ ਫੋਰਸ ਜਵਾਨਾਂ ਵਲੋਂ ਉਸਨੂੰ ਕਾਬੂ ਕਰ ਕੇ ਉਸਦੀ ਤਲਾਸ਼ੀ ਲਈ ਤਾਂ ਉਸਦੇ ਕਬਜ਼ੇ ਤੋਂ 2 ਹੱਥਗੋਲੇ ਅਤੇ 40 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ। ਪੁੱਛਗਿੱਛ ਦੌਰਾਨ ਉਸਦੀ ਪਛਾਣ ਮੁਦਾਸਿਰ ਅਹਿਮਦ ਭੱਟ ਪੁੱਤਰ ਅਬਦੁੱਲ ਹਾਮਿਦ ਭੱਟ ਨਿਵਾਸੀ ਉਸ਼ਕਾਰਾ ਬਾਰਾਮੁੱਲਾ ਦੇ ਰੂਪ ਵਿਚ ਹੋਈ ਹੈ।