ਪਾਕਿ ਨਾਲ ਗੱਲਬਾਤ ਕਰ ਕੇ ਹੀ ਜੰਮੂ ਕਸ਼ਮੀਰ ’ਚ ਖਤਮ ਹੋ ਸਕਦਾ ਹੈ ਅੱਤਵਾਦ : ਫਾਰੂਕ

Saturday, Jan 21, 2023 - 04:12 PM (IST)

ਲਖਨਪੁਰ (ਜੰਮੂ-ਕਸ਼ਮੀਰ), (ਭਾਸ਼ਾ)– ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਵਿੱਚ ਅੱਤਵਾਦ ਅਜੇ ਵੀ ਜਿਉਂ ਦਾ ਤਿਉਂ ਹੈ। ਇਸ ਨੂੰ ਪਾਕਿਸਤਾਨ ਨਾਲ ਗੱਲਬਾਤ ਕਰ ਕੇ ਹੀ ਖ਼ਤਮ ਕੀਤਾ ਜਾ ਸਕਦਾ ਹੈ।

ਸਾਬਕਾ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ’ਤੇ ਭਾਰਤ ਵਿੱਚ ਨਫ਼ਰਤ ਫੈਲਾਉਣ ਅਤੇ ਦੇਸ਼ ਦੀ ਅਖੰਡਤਾ ਨੂੰ ਖ਼ਤਰੇ ਵਿੱਚ ਪਾਉਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਆਪਣੇ ਖੂਨ ਨਾਲ ਲਿਖ ਕੇ ਦੇ ਸਕਦਾ ਹਾਂ ਕਿ ਅੱਤਵਾਦ ਅਜੇ ਵੀ ਜ਼ਿੰਦਾ ਹੈ ਅਤੇ ਇਹ ਉਦੋਂ ਤੱਕ ਖਤਮ ਨਹੀਂ ਹੋਵੇਗਾ ਜਦੋਂ ਤੱਕ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਨਹੀਂ ਹੁੰਦੀ। ਜੇ ਤੁਸੀਂ ਚੀਨ ਜੋ 16 ਵਾਰ ਸਾਡੀ ਸਰਹੱਦ ਅੰਦਰ ਦਾਖਲ ਹੋਇਆ ਹੈ, ਨਾਲ ਗੱਲ ਕਰ ਸਕਦੇ ਹੋ ਤਾਂ ਪਾਕਿਸਤਾਨ ਨਾਲ ਗੱਲ ਕਰਨ ਤੋਂ ਕਿਉਂ ਝਿਜਕ ਰਹੇ ਹੋ?

ਇਹ ਪੁੱਛੇ ਜਾਣ ’ਤੇ ਕਿ ਕੀ ਪਾਕਿਸਤਾਨ ਨਾਲ ਗੱਲਬਾਤ ਕਰਨ ’ਤੇ ਜੰਮੂ-ਕਸ਼ਮੀਰ ’ਚ ਅੱਤਵਾਦ ਦਾ ਖਾਤਮਾ ਹੋਵੇਗਾ, ਅਬਦੁੱਲਾ ਨੇ ਕਿਹਾ ਕਿ ਸਾਨੂੰ ਕੋਸ਼ਿਸ਼ ਕਰਨੀ ਪਵੇਗੀ, ਪਰ ਭਾਜਪਾ ਸਰਕਾਰ ਝਿਜਕ ਰਹੀ ਹੈ। ਉਸ ਨੂੰ ਆਪਣੇ ਵੋਟ ਬੈਂਕ ਲਈ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਇਕ-ਦੂਜੇ ਵਿਰੁੱਧ ਖੜਾ ਕਰਨ ਲਈ ਨਫਰਤ ਫੈਲਾਉਣੀ ਪੈਂਦੀ ਹੈ। ਉਹ ਪਾਕਿਸਤਾਨ ਵਿਚ ਰਹਿੰਦੇ ਹਿੰਦੂਆਂ ਅਤੇ ਸਾਡੇ ਦੇਸ਼ ਦੇ ਮੁਸਲਮਾਨਾਂ ਦੀ ਸੁਰੱਖਿਆ ਦੀ ਪਰਵਾਹ ਕੀਤੇ ਬਿਨਾਂ ਨਫਰਤ ਫੈਲਾ ਰਹੀ ਹੈ। ਉਨ੍ਹਾਂ ਕਾਂਗਰਸ ਦੀ ਅਗਵਾਈ ਵਾਲੀ ‘ਭਾਰਤ ਜੋੜੋ ਯਾਤਰਾ’ ਦਾ ਜੰਮੂ-ਕਸ਼ਮੀਰ ਵਿੱਚ ਦਾਖਲ ਹੋਣ ’ਤੇ ਸਵਾਗਤ ਕੀਤਾ।


Rakesh

Content Editor

Related News