ਕੁਪਵਾੜਾ ’ਚ ਅੱਤਵਾਦੀ ਟਿਕਾਣਾ ਤਬਾਹ, ਹਥਿਆਰ ਤੇ ਗੋਲਾ-ਬਾਰੂਦ ਦਾ ਭੰਡਾਰ ਬਰਾਮਦ
Thursday, Oct 09, 2025 - 10:11 PM (IST)

ਜੰਮੂ/ਸ਼੍ਰੀਨਗਰ, (ਅਰੁਣ)- ਸੁਰੱਖਿਆ ਫੋਰਸਾਂ ਨੇ ਵੀਰਵਾਰ ਨੂੰ ਜ਼ਿਲਾ ਕੁਪਵਾੜਾ ਦੇ ਜੰਗਲਾਂ ’ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਕੇ ਉੱਥੋਂ ਹਥਿਆਰ ਤੇ ਗੋਲਾ-ਬਾਰੂਦ ਅਤੇ ਹੋਰ ਜੰਗੀ ਸਮੱਗਰੀ ਬਰਾਮਦ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਕਿਹਾ ਕਿ ਵਿਸ਼ੇਸ਼ ਗੁਪਤ ਸੂਚਨਾ ਦੇ ਆਧਾਰ ’ਤੇ ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਵੱਲੋਂ ਜ਼ਿਲਾ ਕੁਪਵਾੜਾ ਦੇ ਵਾਰਸੋਂ ਖੇਤਰ ’ਚ ਸਥਿਤ ਬ੍ਰਿਜਥੋਰ ਜੰਗਲਾਂ ’ਚ ਇਕ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਸੁਰੱਖਿਆ ਫੋਰਸਾਂ ਨੇ ਇਕ ਅੱਤਵਾਦੀ ਟਿਕਾਣੇ ਨੂੰ ਤਬਾਹ ਕਰ ਕੇ ਉੱਥੋਂ ਏ. ਕੇ. ਸੀਰੀਜ਼ ਦੀਆਂ 2 ਰਾਈਫਲਾਂ, 4 ਰਾਕੇਟ ਲਾਂਚਰ, ਗੋਲਾ-ਬਾਰੂਦ ਦਾ ਇਕ ਵੱਡਾ ਭੰਡਾਰ ਅਤੇ ਹੋਰ ਜੰਗੀ ਸਮੱਗਰੀ ਬਰਾਮਦ ਕੀਤੀ।