ਰਿਸ਼ਤਿਆਂ ''ਤੇ ਭਾਰੀ ਪਿਆ ਕੋਰੋਨਾ, ਪੁੱਤ ਨੇ ਬਜ਼ੁਰਗ ਮਾਂ ਨੂੰ ਘਰ ''ਚ ਨਹੀਂ ਹੋਣ ਦਿੱਤਾ ਦਾਖਲ
Saturday, May 30, 2020 - 06:22 PM (IST)
ਹੈਦਰਾਬਾਦ— ਕੋਰੋਨਾ ਵਾਇਰਸ ਦਾ ਕਹਿਰ ਦੇਸ਼ 'ਚ ਲਗਾਤਾਰ ਜਾਰੀ ਹੈ, ਉੱਥੇ ਹੀ ਇਹ ਵਾਇਰਸ ਰਿਸ਼ਤਿਆਂ 'ਤੇ ਵੀ ਭਾਰੀ ਪੈਦਾ ਨਜ਼ਰ ਆ ਰਿਹਾ ਹੈ। ਕੋਰੋਨਾ ਦੇ ਡਰ ਕਾਰਨ ਤੇਲੰਗਾਨਾ ਦੇ ਕ੍ਰਿਸ਼ਨਨਗਰ 'ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਬਜ਼ੁਰਗ ਜਨਾਨੀ ਨੂੰ ਉਸ ਦੇ ਪੁੱਤਰ ਨੇ ਘਰ 'ਚ ਦਾਖਲ ਨਹੀਂ ਹੋਣ ਦਿੱਤਾ, ਜੋ ਕਿ ਮਹਾਰਾਸ਼ਟਰ ਤੋਂ ਘਰ ਪਰਤੀ ਸੀ। ਦਰਅਸਲ ਮਹਾਰਾਸ਼ਟਰ ਕੋਰੋਨਾ ਵਾਇਰਸ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਸੂਬਾ ਹੈ, ਜਿਸ ਕਾਰਨ ਬਜ਼ੁਰਗ ਜਨਾਨੀ ਨੂੰ ਘਰ 'ਚ ਐਂਟਰੀ ਨਹੀਂ ਮਿਲੀ।
ਕ੍ਰਿਸ਼ਨਨਗਰ ਦੀ 70 ਸਾਲਾ ਬਜ਼ੁਰਗ ਕੱਟਾ ਸ਼ਿਆਮਲਾ ਆਪਣੇ ਪੁੱਤਰ ਨਾਲ ਰਹਿੰਦੀ ਹੈ ਅਤੇ ਉਹ ਤਿੰਨ ਮਹੀਨੇ ਪਹਿਲਾਂ ਰਿਸ਼ਤੇਦਾਰ ਦੇ ਘਰ ਮਹਾਰਾਸ਼ਟਰ ਦੇ ਸ਼ਹਿਰ ਸੋਲਹਾਪੁਰ ਗਈ ਸੀ ਪਰ ਤਾਲਾਬੰਦੀ ਕਾਰਨ ਉਹ ਉੱਥੇ ਹੀ ਫਸ ਗਈ ਸੀ। ਜਨਾਨੀ ਨੂੰ ਕੋਰੋਨਾ ਵਾਇਰਸ ਦੇ ਡਰ ਕਾਰਨ ਪੁੱਤਰ ਨੇ ਘਰ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ। ਜਿਸ ਤੋਂ ਉਸ ਦੇ ਪੁੱਤਰ ਅਤੇ ਨੂੰਹ ਨੇ ਗੇਟ ਬੰਦ ਕਰ ਲਿਆ ਅਤੇ ਬੇਬਸ ਬਜ਼ੁਰਗ ਬੈਗ ਦੇ ਨਾਲ ਘਰ ਦੇ ਸਾਹਮਣੇ ਰੋਡ 'ਤੇ ਬੈਠ ਗਈ ਹੈ। ਗੁਆਂਢੀਆਂ ਨੇ ਉਸ ਨੂੰ ਖਾਣ-ਪੀਣ ਲਈ ਦਿੱਤਾ।
ਬਜ਼ੁਰਗ ਜਨਾਨੀ ਨੇ ਦੱਸਿਆ ਕਿ ਸੋਲਹਾਪੁਰ 'ਚੋਂ ਨਿਕਲਣ ਤੋਂ ਪਹਿਲਾਂ ਡਾਕਟਰਾਂ ਨੇ ਉਸ ਦਾ ਕੋਰੋਨਾ ਟੈਸਟ ਕੀਤਾ ਸੀ ਅਤੇ ਉਸ ਦੀ ਰਿਪੋਰਟ ਨੈਗੇਟਿਵ ਆਈ ਸੀ ਪਰ ਪੁੱਤਰ ਨੇ ਉਸ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੋਇਆ। ਸਥਾਨਕ ਵਾਸੀਆਂ ਨੇ ਉਸ ਦੇ ਪੁੱਤਰ ਨੂੰ ਵਾਪਸ ਆਪਣੀ ਮਾਂ ਨੂੰ ਘਰ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ। ਜਿਸ ਤੋਂ ਬਾਅਦ ਪੁਲਸ ਅਤੇ ਸਿਹਤ ਅਧਿਕਾਰੀਆਂ ਨੇ ਦਖਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸ਼ਿਆਮਲਾ 'ਚ ਕੋਰੋਨਾ ਦਾ ਕੋਈ ਲੱਛਣ ਨਹੀਂ ਹੈ, ਅਸੀਂ ਉਸ ਦੀ ਸਕ੍ਰੀਨਿੰਗ ਕੀਤੀ ਹੈ, ਤਾਂ ਫਿਰ ਪੁੱਤਰ ਨੇ ਬਜ਼ੁਰਗ ਜਨਾਨੀ ਨੂੰ ਘਰ ਅੰਦਰ ਐਂਟਰੀ ਦਿੱਤੀ। ਦੱਸ ਦੇਈਏ ਕਿ ਇਕੱਲੇ ਮਹਾਰਾਸ਼ਟਰ ਵਿਚ ਕੋਰੋਨਾ ਦੇ ਕੇਸਾਂ ਦੀ ਕੁੱਲ ਗਿਣਤੀ 62,228 ਹੈ ਅਤੇ 2000 ਦੇ ਕਰੀਬ ਲੋਕ ਇਸ ਵਾਇਰਸ ਕਰ ਕੇ ਆਪਣੀ ਜਾਨ ਗੁਆ ਚੁੱਕੇ ਹਨ।