ਤੇਲੰਗਾਨਾ : ਝੂਠੀ ਸ਼ਾਨ ਖਾਤਰ ਮਾਤਾ-ਪਿਤਾ ਨੇ 20 ਸਾਲਾ ਗਰਭਵਤੀ ਧੀ ਦਾ ਕੀਤਾ ਕਤਲ

Tuesday, Jun 09, 2020 - 08:22 PM (IST)

ਤੇਲੰਗਾਨਾ : ਝੂਠੀ ਸ਼ਾਨ ਖਾਤਰ ਮਾਤਾ-ਪਿਤਾ ਨੇ 20 ਸਾਲਾ ਗਰਭਵਤੀ ਧੀ ਦਾ ਕੀਤਾ ਕਤਲ

ਹੈਦਰਾਬਾਦ- ਤੇਲੰਗਾਨਾ 'ਚ ਝੂਠੀ ਸ਼ਾਨ ਖਾਤਰ 20 ਸਾਲਾ ਇਕ ਕੁੜੀ ਦਾ ਮਾਤਾ-ਪਿਤਾ ਵਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੁੜੀ ਦਾ ਦੂਜੀ ਜਾਤੀ ਦੇ ਮੁੰਡੇ ਨਾਲ ਪ੍ਰੇਮ ਸੰਬੰਧ ਸੀ ਅਤੇ ਗਰਭਵਤੀ ਹੋਣ ਤੋਂ ਬਾਅਦ ਉਸ ਨੇ ਗਰਭਪਾਤ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਪੁਲਸ ਨੇ ਦੱਸਿਆ ਕਿ ਜੋਗੁਲਾਂਬਾ-ਗੜ੍ਹਵਾਲ ਜ਼ਿਲ੍ਹੇ ਦੇ ਕਲੁਕੁੰਤਲਾ ਖੇਤਰ 'ਚ ਸਥਿਤ ਘਰ 'ਚ 7 ਜੂਨ ਨੂੰ ਤੜਕੇ ਕੁੜੀ ਸੌਂ ਰਹੀ ਸੀ, ਜਦੋਂ ਉਸ ਦੇ ਮਾਤਾ-ਪਿਤਾ ਨੇ ਸਿਰਹਾਣੇ ਨਾਲ ਉਸ ਦਾ ਮੂੰਹ ਦਬਾ ਕੇ ਹੱਤਿਆ ਕਰ ਦਿੱਤੀ ਅਤੇ ਅਜਿਹਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਮੌਤ ਗੈਰ-ਕੁਦਰਤੀ ਕਾਰਨਾਂ ਕਰ ਕੇ ਹੋਈ ਹੈ।

ਕੁੜੀ ਦੇ ਮਾਤਾ-ਪਿਤਾ ਨੇ ਦਾਅਵਾ ਕੀਤਾ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਪੁਲਸ ਨੇ ਦੱਸਿਆ ਕਿ ਹਾਲਾਂਕਿ ਪਿੰਡ ਦੇ ਸਕੱਤਰ ਵਲੋਂ ਕੁੜੀ ਦੀ ਮੌਤ 'ਤੇ ਸ਼ੱਕ ਪ੍ਰਗਟ ਕਰਨ ਤੋਂ ਬਾਅਦ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਮ੍ਰਿਤਕਾਂ ਦੇ ਪੋਸਟਮਾਰਟਮ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੂੰ ਆਈ.ਪੀ.ਸੀ. ਦੀ ਧਾਰਾ 302 ਦੇ ਅਧੀਨ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਕਿਹਾ ਕਿ ਕੁੜੀ ਆਪਣੇ ਮਾਤਾ-ਪਿਤਾ ਦੇ ਤਿੰਨ ਬੱਚਿਆਂ 'ਚੋਂ ਸਭ ਤੋਂ ਛੋਟੀ ਸੀ ਅਤੇ ਉਸ ਦੇ ਗਰਭਵਤੀ ਹੋਣ ਦੀ ਜਾਣਕਾਰੀ ਮਿਲਣ ਅਤੇ ਗਰਭਪਾਤ ਕਰਨ ਤੋਂ ਇਨਕਾਰ ਕਰਨ ਦੇ ਇਕ ਦਿਨ ਬਾਅਦ ਹੀ ਉਸ ਦੇ ਮਾਤਾ-ਪਿਤਾ ਨੇ ਕੁੜੀ ਦਾ ਕਤਲ ਕਰਨ ਦਾ ਫੈਸਲਾ ਕੀਤਾ। ਮ੍ਰਿਤਕਾ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ 'ਚ ਸਥਿਤ ਇਕ ਕਾਲਜ 'ਚ ਪੜ੍ਹਾਈ ਦੌਰਾਨ ਇਕ ਮੁੰਡੇ ਨਾਲ ਪ੍ਰੇਮ 'ਚ ਪੈ ਗਈ ਸੀ।


author

DIsha

Content Editor

Related News