ਹਵਾਈ ਫੌਜ ਨੂੰ ਅਗਲੇ ਸਾਲ ਮਿਲਣਗੇ ਤੇਜਸ ਐੱਮ. ਕੇ.-1ਏ

Saturday, Jul 01, 2023 - 02:50 PM (IST)

ਹਵਾਈ ਫੌਜ ਨੂੰ ਅਗਲੇ ਸਾਲ ਮਿਲਣਗੇ ਤੇਜਸ ਐੱਮ. ਕੇ.-1ਏ

ਨਵੀਂ ਦਿੱਲੀ, (ਯੂ. ਐੱਨ. ਆਈ.)- ਰੱਖਿਆ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਹਵਾਈ ਫੌਜ ਨੂੰ ਅਗਲੇ ਸਾਲ ਫਰਵਰੀ ਤੋਂ ਹਲਕੇ ਲੜਾਕੂ ਜਹਾਜ਼ ਤੇਜਸ ਐੱਮ. ਕੇ.-1ਏ ਦੀ ਸਪਲਾਈ ਮਿਲਣ ਦੀ ਉਮੀਦ ਹੈ ਅਤੇ ਆਪਣੇ ਦੇਸ਼ ’ਚ ਬਣਿਆ ਜੈੱਟ ਦਾ ਨਵਾਂ ਮਾਡਲ ਅਤਿਆਧੁਨਿਕ ਮਿਜ਼ਾਈਲਾਂ ਸਮੇਤ ਅਨੇਕ ਤਰ੍ਹਾਂ ਦੇ ਅਸਤਰ ਦਾਗਣ ’ਚ ਸਮਰੱਥ ਹੋਵੇਗਾ। ਭਾਰਤੀ ਹਵਾਈ ਫੌਜ ’ਚ ਸੇਵਾ ’ਚ ਤੇਜਸ ਦੇ 7 ਸਾਲ ਪੂਰੇ ਹੋਣ ਦਰਮਿਆਨ ਮੰਤਰਾਲਾ ਨੇ ਕਿਹਾ ਕਿ ਜਹਾਜ਼ ਅਤੇ ਇਸ ਦੇ ਭਵਿੱਖ ਦੇ ਮਾਡਲ ਹਵਾਈ ਫੌਜ ਦਾ ਮੁੱਖ ਆਧਾਰ ਬਣਨਗੇ।

ਫਰਵਰੀ 2021 ’ਚ, ਮੰਤਰਾਲਾ ਨੇ ਭਾਰਤੀ ਹਵਾਈ ਫੌਜ ਵਾਸਤੇ 83 ਤੇਜਸ ਐੱਮ. ਕੇ.-1ਏ ਜੈੱਟ ਦੀ ਖਰੀਦ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਮੁੱਖ ਹਵਾਈ ਕੰਪਨੀ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਨਾਲ 48,000 ਕਰੋਡ਼ ਰੁਪਏ ਦਾ ਸੌਦਾ ਕੀਤਾ ਸੀ। ਤੇਜਸ ਸਿੰਗਲ ਇੰਜਨ ਵਾਲਾ ਬਹੁ-ਮੰਤਵੀ ਲੜਾਕੂ ਜਹਾਜ਼ ਹੈ, ਜੋ ਉੱਚ ਖਤਰੇ ਵਾਲੇ ਹਵਾਈ ਵਾਤਾਵਰਣ ’ਚ ਕੰਮ ਕਰਨ ’ਚ ਸਮਰੱਥਾ ਹੈ। ਇਸ ਹਲਕੇ ਲੜਾਕੂ ਜਹਾਜ਼ (ਐੱਲ. ਸੀ. ਏ.) ਨੂੰ ਖਰੀਦਣ ’ਚ ਡੂੰਘੀ ਦਿਲਚਸਪੀ ਵਿਖਾਉਣ ਵਾਲੇ ਦੇਸ਼ਾਂ ’ਚ ਮਿਸਰ, ਅਰਜਨਟੀਨਾ, ਅਮਰੀਕਾ, ਆਸਟ੍ਰੇਲੀਆ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਫਿਲੀਪੀਂਸ ਸ਼ਾਮਲ ਹਨ। ਮੰਤਰਾਲਾ ਨੇ ਕਿਹਾ ਕਿ ਤੇਜਸ ’ਤੇ ਭਾਰਤੀ ਹਵਾਈ ਫੌਜ ਦਾ ਭਰੋਸਾ 83 ਐੱਲ. ਸੀ. ਏ. ਐੱਮ. ਕੇ.-1ਏ ਦੇ ਆਰਡਰ ਤੋਂ ਦਿਸਦਾ ਹੈ।


author

Rakesh

Content Editor

Related News