ਰੇਲ ਦੇ ਇੰਜਣ ''ਤੇ ਚੜ੍ਹ ਕੇ ਸੈਲਫ਼ੀ ਲੈ ਰਿਹਾ ਸੀ ਨੌਜਵਾਨ, ਕਰੰਟ ਲੱਗਣ ਨਾਲ ਹੋਈ ਮੌਤ

Friday, Apr 08, 2022 - 03:28 PM (IST)

ਛਤਰਪੁਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਛਤਰਪੁਰ ਰੇਲਵੇ ਸਟੇਸ਼ਨ 'ਤੇ ਖੜ੍ਹੀ ਰੇਲ ਦੇ ਇੰਜਣ 'ਤੇ ਸੈਲਫ਼ੀ ਲੈਣ ਚੜ੍ਹੇ 16 ਸਾਲਾ ਇਕ ਮੁੰਡੇ ਦੀ ਹਾਈ ਟੈਂਸ਼ਨ ਪਾਵਰ ਲਾਈਨ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਨੂੰ ਵਾਪਰੀ। ਛਤਰਪੁਰ ਰੇਲਵੇ ਸਟੇਸ਼ਨ ਮਾਸਟਰ ਸ਼ੁਭਾਂਕ ਪਟੇਲ ਨੇ ਸ਼ੁੱਕਰਵਾਰ ਨੂੰ ਦੱਸਿਆ,''ਵੀਰਵਾਰ ਨੂੰ ਸੁਹੇਲ ਮੰਸੂਰੀ ਲੋਕੋ ਇੰਜਣ 'ਤੇ ਚੜ੍ਹ ਕੇ ਸੈਲਫ਼ੀ ਲੈ ਰਿਹਾ ਸੀ, ਉਦੋਂ ਹਾਈ ਟੈਂਸ਼ਨ ਲਾਈਨ ਦੀ ਲਪੇਟ 'ਚ ਆਉਣ ਨਾਲ ਉਹ ਝੁਲਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।'' ਮ੍ਰਿਤਕ ਦੇ ਸਾਥੀ ਅਸ਼ਰਫ ਨੇ ਕਿਹਾ,''ਸਵੇਰੇ ਅਸੀਂ ਰੇਲਵੇ ਸਟੇਸ਼ਨ ਦੇਖਣ ਆਏ ਸੀ। ਅਸੀਂ ਹੱਥ-ਮੂੰਹ ਧੋਣ ਲੱਗੇ ਅਤੇ ਸੁਹੇਲ ਮੋਬਾਈਲ ਮੰਗ ਕੇ ਇੰਜਣ 'ਤੇ ਚੜ੍ਹ ਗਿਆ। ਅਸੀਂ ਦੇਖਿਆ ਕਿ ਉਸ ਨੂੰ ਕਰੰਟ ਨੇ ਖਿੱਚ ਲਿਆ। ਅਸੀਂ ਤੁਰੰਤ ਦੌੜੇ ਪਰ ਉਦੋਂ ਤੱਕ ਉਹ ਮਰ ਚੁੱਕਿਆ ਸੀ।''

ਰੇਲਵੇ ਸੁਰੱਖਿਆ ਫ਼ੋਰਸ (ਆਰ.ਪੀ.ਐੱਫ.) ਦੇ ਇੰਸਪੈਕਟਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਕ ਲੋਕੋ ਇੰਜਣ ਜੋ ਖੜ੍ਹਾ ਸੀ, ਉਸ 'ਤੇ ਸੈਲਫ਼ੀ ਲੈਣ ਲਈ ਸੁਹੇਲ ਚੜ੍ਹ ਗਿਆ। ਉੱਥੇ ਹੀ ਹਾਈ ਟੈਂਸ਼ਨ ਲਾਈਨ ਉੱਪਰ ਸੀ, ਜਿਵੇਂ ਹੀ ਉਸਨੇ ਇਸ ਲਾਈਨ ਨੂੰ ਫੜਿਆ, ਉਹ ਸੜ ਗਿਆ।” ਉਨ੍ਹਾਂ ਕਿਹਾ ਕਿ ਉਸ ਦਾ ਇੰਜਣ 'ਤੇ ਚੜ੍ਹਨਾ ਹੀ ਗਲਤ ਸੀ। ਕੁਮਾਰ ਨੇ ਦੱਸਿਆ ਕਿ ਇਸ ਘਟਨਾ ਤੋਂ ਗੁੱਸੇ 'ਚ ਆ ਕੇ ਦੋ-ਤਿੰਨ ਨੌਜਵਾਨਾਂ ਨੇ ਸਟੇਸ਼ਨ ਮਾਸਟਰ ਦੇ ਦਫ਼ਤਰ ਦਾ ਦਰਵਾਜ਼ਾ ਤੋੜ ਦਿੱਤਾ ਅਤੇ ਸਟੇਸ਼ਨ ਮਾਸਟਰ ਪਟੇਲ ਦੀ ਕੁੱਟਮਾਰ ਕਰਨ ਦੇ ਨਾਲ-ਨਾਲ ਘੜੀ ਅਤੇ ਬੈਗ ਵੀ ਖੋਹ ਲਿਆ। ਉਨ੍ਹਾਂ ਕਿਹਾ ਕਿ ਹਾਲਾਂਕਿ ਪੁਲਸ ਨੇ ਜਲਦ ਹੀ ਸਥਿਤੀ ਨੂੰ ਕਾਬੂ ਕਰ ਲਿਆ ਅਤੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਕੁਮਾਰ ਨੇ ਦੱਸਿਆ ਕਿ ਇਸ ਸੰਬੰਧ 'ਚ ਸਿਵਲ ਲਾਈਨ ਪੁਲਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ।


DIsha

Content Editor

Related News