ਸਕੂਲ 'ਚ ਵੱਡੀ ਲਾਪਰਵਾਹੀ! ਬੱਚੇ ਨੂੰ ਕਲਾਸ 'ਚ ਬੰਦ ਕਰ ਕੇ ਘਰ ਚਲੀ ਗਈ ਟੀਚਰ
Wednesday, Aug 07, 2024 - 07:22 PM (IST)
ਨੈਸ਼ਨਲ ਡੈਸਕ : ਮੁਜ਼ੱਫਰਨਗਰ ਦੇ ਇੱਕ ਸਕੂਲ ਵਿਚ ਅਧਿਆਪਕ ਨੇ ਪਹਿਲੀ ਜਮਾਤ ਵਿੱਚ ਪੜ੍ਹਦੇ ਛੋਟੇ ਬੱਚੇ ਨੂੰ ਜਮਾਤ ਵਿੱਚ ਬੰਦ ਕਰ ਦਿੱਤਾ ਤੇ ਘਰ ਚਲੀ ਗਈ। ਇਸ ਤੋਂ ਬਾਅਦ ਜਦੋਂ ਬੱਚਾ ਘੰਟਿਆਂ ਤੱਕ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਫਿਰ ਪਤਾ ਲੱਗਾ ਕਿ ਬੱਚਾ ਸਕੂਲ ਦੇ ਅੰਦਰ ਇਕ ਕਮਰੇ ਵਿਚ ਬੰਦ ਸੀ। ਫਿਰ ਸਕੂਲ ਦੇ ਅਧਿਆਪਕ ਨੂੰ ਬੁਲਾਇਆ ਗਿਆ ਅਤੇ ਕਲਾਸਰੂਮ ਦਾ ਤਾਲਾ ਖੁਲ੍ਹਵਾਇਆ ਗਿਆ। ਤਾਂ ਜਾ ਕੇ ਬੱਚੇ ਨੂੰ ਬਾਹਰ ਕੱਢਿਆ ਗਿਆ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮੁਜ਼ੱਫਰਨਗਰ ਦਾ ਸਿੱਖਿਆ ਵਿਭਾਗ ਵੀ ਹਰਕਤ 'ਚ ਆ ਗਿਆ ਅਤੇ ਬੀਐੱਸਏ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਇਸ ਤੋਂ ਬਾਅਦ ਸਕੂਲ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ। ਇਹ ਮਾਮਲਾ ਜਨਸਠ ਤਹਿਸੀਲ ਖੇਤਰ ਦੇ ਪਿੰਡ ਗੁਜਰਹੇੜੀ ਦਾ ਹੈ।
ਛੇ ਸਾਲ ਦਾ ਵਿਦਿਆਰਥੀ ਜਮਾਤ 'ਚ ਬੰਦ ਰਿਹਾ
ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਪਿੰਡ 'ਚ ਸਥਿਤ ਪ੍ਰਾਇਮਰੀ ਸਕੂਲ ਦੀ ਇੰਚਾਰਜ ਸਪਨਾ ਜੈਨ ਅਤੇ ਸਹਾਇਕ ਅਧਿਆਪਕਾ ਰਵਿਤਾ ਰਾਣੀ ਨੇ ਛੁੱਟੀ ਤੋਂ ਬਾਅਦ ਪਹਿਲੀ ਜਮਾਤ ਦੇ 6 ਸਾਲਾ ਵਿਦਿਆਰਥੀ ਲੱਕੀ ਨੂੰ ਕਲਾਸ 'ਚ ਬੰਦ ਕਰ ਦਿੱਤਾ ਅਤੇ ਚਲੀਆਂ ਗਈਆਂ। ਇਸ ਤੋਂ ਬਾਅਦ ਜਦੋਂ ਵਿਦਿਆਰਥੀ ਛੁੱਟੀ ਤੋਂ ਬਾਅਦ ਘਰ ਨਹੀਂ ਪਰਤਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਫਿਰ ਪਤਾ ਲੱਗਾ ਕਿ ਇਸ ਮਾਸੂਮ ਵਿਦਿਆਰਥੀ ਨੂੰ ਕਲਾਸ ਰੂਮ ਦੇ ਅੰਦਰ ਬੰਦ ਹੈ ਤੇ ਬਾਹਰੋਂ ਤਾਲਾ ਲੱਗਾ ਹੋਇਆ ਹੈ।
ਸਹਾਇਕ ਅਧਿਆਪਕਾ ਦੇ ਪਤੀ ਨੇ ਆ ਕੇ ਤਾਲਾ ਖੋਲ੍ਹਿਆ
ਬੱਚੇ ਦੇ ਪਰਿਵਾਰ ਵਾਲਿਆਂ ਨੇ ਸਕੂਲ ਇੰਚਾਰਜ ਸਪਨਾ ਜੈਨ ਨੂੰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ ਤਾਂ ਸਹਾਇਕ ਅਧਿਆਪਕਾ ਰਵਿਤਾ ਰਾਣੀ ਦੇ ਪਤੀ ਨੇ ਸਕੂਲ ਪਹੁੰਚ ਕੇ ਕਲਾਸਰੂਮ ਦਾ ਤਾਲਾ ਖੋਲ੍ਹਿਆ। ਫਿਰ ਵਿਦਿਆਰਥੀ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਪੀੜਤ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਨੂੰ ਆਪਣੇ ਮੋਬਾਈਲ 'ਤੇ ਕੈਦ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ।
ਸਕੂਲ 'ਚ ਸਿਰਫ਼ ਦੋ ਅਧਿਆਪਕ ਹੀ ਕੰਮ ਕਰ ਰਹੇ
ਇਸ ਤੋਂ ਬਾਅਦ ਜ਼ਿਲ੍ਹੇ ਦਾ ਸਿੱਖਿਆ ਵਿਭਾਗ ਵੀ ਹਰਕਤ 'ਚ ਆਇਆ ਅਤੇ ਫਿਰ ਜਦੋਂ ਮੁਜ਼ੱਫਰਨਗਰ ਬੇਸਿਕ ਐਜੂਕੇਸ਼ਨ ਅਫਸਰ ਸੰਦੀਪ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਹਿਲੀ ਨਜ਼ਰ 'ਚ ਦੋਵੇਂ ਅਧਿਆਪਕ ਦੋਸ਼ੀ ਪਾਏ ਗਏ, ਜਿਸ ਕਾਰਨ ਸਕੂਲ ਇੰਚਾਰਜ ਸਪਨਾ ਜੈਨ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਸਹਾਇਕ ਅਧਿਆਪਕਾ ਰਵਿਤਾ ਰਾਣੀ 'ਤੇ ਵੀ ਕਾਰਵਾਈ ਕੀਤੀ ਗਈ। ਇਸ ਮਗਰੋਂ ਬੀਐੱਸਏ ਨੇ ਜਨਸਥ ਬਲਾਕ ਸਿੱਖਿਆ ਅਧਿਕਾਰੀ ਅਤੇ ਸ਼ਾਹਪੁਰ ਬਲਾਕ ਸਿੱਖਿਆ ਅਧਿਕਾਰੀ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਇਕ ਹਫਤੇ 'ਚ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ।
ਦੋਵਾਂ ਅਧਿਆਪਕਾਂ ਖਿਲਾਫ ਕਾਰਵਾਈ
ਇਸ ਘਟਨਾ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਮੁਜ਼ੱਫਰਨਗਰ ਦੇ ਜ਼ਿਲ੍ਹਾ ਮੁਢਲੀ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਬਲਾਕ ਸਿੱਖਿਆ ਜਨਸਠ ਨੇ ਮੈਨੂੰ ਕੱਲ੍ਹ ਸ਼ਾਮ ਇਸ ਘਟਨਾ ਦੀ ਸੂਚਨਾ ਦਿੱਤੀ। ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਇਹ ਵੀ ਦੱਸਿਆ ਕਿ ਜਨਸਥ ਬਲਾਕ ਦੇ ਗੁਰਜਰ ਰੇੜੀ ਦੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾ ਇੱਕ ਬੱਚੇ ਨੂੰ ਕਲਾਸ ਵਿੱਚ ਬੰਦ ਕਰਕੇ ਘਰ ਚਲੀ ਗਈ ਸੀ।
ਉਸ ਸਕੂਲ ਵਿੱਚ ਦੋ ਅਧਿਆਪਕ ਕੰਮ ਕਰ ਰਹੇ ਹਨ। ਉੱਥੇ 35 ਬੱਚੇ ਸਕੂਲ ਵਿੱਚ ਪੜ੍ਹਦੇ ਹਨ। ਪਹਿਲੀ ਜਮਾਤ ਦੇ ਵਿਦਿਆਰਥੀ ਲੱਕੀ ਨੂੰ ਛੁੱਟੀ ਦੇਣ ਤੋਂ ਬਾਅਦ ਅਧਿਆਪਕਾਂ ਨੇ ਉਸ ਨੂੰ ਜਮਾਤ ਵਿੱਚ ਬੰਦ ਕਰ ਦਿੱਤਾ ਅਤੇ ਘਰ ਚਲੇ ਗਏ। ਉਸ ਨੇ ਇਕ ਘੰਟੇ ਬਾਅਦ ਆ ਕੇ ਦਰਵਾਜ਼ਾ ਖੋਲ੍ਹਿਆ ਅਤੇ ਬਾਹਰ ਲੈ ਗਏ ਸੰਦੀਪ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਮੈਨੂੰ ਸ਼ਾਮ 7 ਵਜੇ ਇਸ ਘਟਨਾ ਦਾ ਪਤਾ ਲੱਗਾ ਤਾਂ ਮੈਂ ਪਿੰਡ ਪਹੁੰਚ ਗਿਆ। ਮੈਂ ਮਾਪਿਆਂ ਅਤੇ ਪਿੰਡ ਵਾਸੀਆਂ ਨਾਲ ਵੀ ਗੱਲ ਕੀਤੀ। ਉਨ੍ਹਾਂ ਵਿਚ ਗੁੱਸਾ ਸੀ ਅਤੇ ਇਹ ਸੁਭਾਵਿਕ ਵੀ ਸੀ। ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਇਨ੍ਹਾਂ ਅਧਿਆਪਕਾਂ ਵੱਲੋਂ ਘੋਰ ਅਣਗਹਿਲੀ ਕੀਤੀ ਗਈ ਹੈ ਅਤੇ ਇਸ ਵਿੱਚ ਅਸੀਂ ਅਧਿਆਪਕਾਂ ਨੂੰ ਦੋਸ਼ੀ ਪਾਇਆ ਹੈ ਅਤੇ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਹੈ।