ਟੈਟੂ ਨਾਲ ਹੋਈ ਲਾਲ ਕਿਲ੍ਹਾ ਧਮਾਕੇ ''ਚ ਮਾਰੇ ਗਏ ਪੁੱਤ ਦੀ ਪਛਾਣ, ਬਾਹਾਂ ''ਤੇ ਲਿਖੀ ਸੀ ਮਾਂ-ਬਾਪ ਲਈ ਬੇਹੱਦ ਪਿਆਰੀ ਗੱਲ
Wednesday, Nov 12, 2025 - 01:17 PM (IST)
ਨੈਸ਼ਨਲ ਡੈਸਕ- ਦਿੱਲੀ ’ਚ ਸੋਮਵਾਰ ਨੂੰ ਹੋਏ ਲਾਲ ਕਿਲ੍ਹੇ ਬਲਾਸਟ ਤੋਂ ਬਾਅਦ ਹਸਪਤਾਲਾਂ ’ਚ ਦਿਲ ਦਹਿਲਾਉਣ ਵਾਲੇ ਦ੍ਰਿਸ਼ ਦੇਖਣ ਨੂੰ ਮਿਲੇ। ਆਪਣਿਆਂ ਦੀ ਪਛਾਣ ਲਈ ਪਰਿਵਾਰਾਂ ਕੋਲ ਸਿਰਫ ਟੈਟੂ, ਫਟੀਆਂ ਕਮੀਜ਼ਾਂ ਤੇ ਸੜੀਆਂ ਜੈਕਟਾਂ ਹੀ ਉਮੀਦ ਦਾ ਸਹਾਰਾ ਰਹੇ। ਐੱਲ.ਐੱਨ.ਜੇ.ਪੀ. ਹਸਪਤਾਲ ਦੇ ਗਲਿਆਰਿਆਂ ’ਚ ਲੋਕ ਆਪਣੀ ਆਖਰੀ ਉਮੀਦ ਨਾਲ ਬੈਠੇ ਰਹੇ, ਜਦੋਂ ਤੱਕ ਉਮੀਦ ਨਹੀਂ ਟੁੱਟ ਗਈ, ਉਦੋਂ ਸਿਆਹੀ ਦੇ ਇਕ ਜਾਣੇ-ਪਛਾਣੇ ਨਿਸ਼ਾਨ ਨੇ ਉਨ੍ਹਾਂ ਦੇ ਸਭ ਤੋਂ ਬੁਰੇ ਡਰ ਦੀ ਪੁਸ਼ਟੀ ਕਰ ਦਿੱਤੀ।
ਟੈਟੂ ਨਾਲ ਹੋਈ ਪਛਾਣ
ਚਾਂਦਨੀ ਚੌਂਕ ਦੇ ਦਵਾਈ ਵਪਾਰੀ 34 ਸਾਲਾ ਅਮਰ ਕਟਾਰੀਆ ਵੀ ਇਸ ਧਮਾਕੇ ’ਚ ਮਾਰੇ ਗਏ। ਉਸ ਦਾ ਸਰੀਰ ਇਸ ਕਦਰ ਸੜ ਗਿਆ ਸੀ ਕਿ ਪਛਾਣਨਾ ਮੁਸ਼ਕਲ ਸੀ, ਪਰ ਪਰਿਵਾਰ ਨੇ ਉਸ ਦੀਆਂ ਬਾਂਹਾਂ ’ਤੇ ਬਣੇ ਟੈਟੂ ਵੇਖ ਕੇ ਉਸ ਨੂੰ ਪਛਾਣ ਲਿਆ। ਇਕ ’ਤੇ ਲਿਖਿਆ ਸੀ “Mom My First Love”, ਦੂਜੇ ’ਤੇ “Dad My Strength” ਤੇ ਤੀਜੇ ’ਤੇ ਉਸ ਦੀ ਪਤਨੀ ਦਾ ਨਾਮ “Kriti”। ਜੋ ਕਦੇ ਪਿਆਰ ਦੀ ਨਿਸ਼ਾਨੀ ਸੀ, ਉਹੀ ਹੁਣ ਪਛਾਣ ਦਾ ਇਕੱਲਾ ਸਬੂਤ ਬਣ ਗਿਆ। ਪਿਤਾ ਜਗਦੀਸ਼ ਕਟਾਰੀਆ ਨੇ ਰੋਂਦੇ ਹੋਏ ਦੱਸਿਆ ਕਿ ਹਸਪਤਾਲ ਤੋਂ ਫ਼ੋਨ ਆਇਆ, “ਤੁਹਾਡੇ ਪੁੱਤਰ ਦੇ ਹੱਥ ’ਤੇ ਇਹ ਟੈਟੂ ਹਨ, ਕੀ ਉਹ ਅਮਰ ਕਟਾਰੀਆ ਹੈ?” ਇਹ ਸੁਣਦੇ ਹੀ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਡਿਨਰ ਦੀ ਤਿਆਰੀ, ਪਰ ਆ ਗਈ ਮੌਤ ਦੀ ਖ਼ਬਰ
ਅਮਰ ਸੋਮਵਾਰ ਰਾਤ ਆਪਣੇ ਮਾਤਾ-ਪਿਤਾ, ਪਤਨੀ ਅਤੇ 3 ਸਾਲਾ ਪੁੱਤਰ ਨਾਲ ਡਿਨਰ ’ਤੇ ਜਾਣ ਵਾਲਾ ਸੀ, ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਦੌਰਾਨ ਅਮਰ ਦੇ ਸਿਰ 'ਚ ਕਾਫ਼ੀ ਜ਼ਿਆਦਾ ਸੱਟ ਲੱਗੀ ਸੀ। ਧਮਾਕੇ ਦੇ ਸਮੇਂ ਜ਼ਮੀਨ 'ਤੇ ਡਿੱਗਿਆ ਅਤੇ ਸ਼ਾਇਦ ਇਸੇ ਕਾਰਨ ਉਸ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਪਛਾਣ ਹੱਥ 'ਚ ਬਣੇ ਟੈਟੂ ਅਤੇ ਗਲੇ ਦੀ ਚੈਨ ਤੋਂ ਕੀਤੀ ਗਈ।
ਮਾਸੂਮ ਪੁੱਤਰ ਤੋਂ ਛਿਨ ਗਿਆ ਪਿਤਾ ਦਾ ਸਾਇਆ
3 ਸਾਲਾ ਬੱਚਾ ਅਜੇ ਸਮਝ ਵੀ ਨਹੀਂ ਸਕਦਾ ਕਿ ਉਸਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ। ਅਮਰ ਦੇ ਗੁਆਢੀਆਂ ਦੇ ਮੁਤਾਬਕ, ਉਹ ਬਹੁਤ ਚੰਗਾ ਮੁੰਡਾ ਸੀ। ਉਸ ਦਾ ਜਨਮਦਿਨ ਅਗਲੇ ਮਹੀਨੇ 17 ਦਸੰਬਰ ਨੂੰ ਸੀ ਪਰ ਉਹ ਆਪਣੇ ਜਨਮਦਿਨ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਚਲਾ ਗਿਆ। ਇਸ ਹਾਦਸੇ ਨੇ ਕਈ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ। ਐੱਲ.ਐੱਨ.ਜੇ.ਪੀ. ਹਸਪਤਾਲ ਦੇ ਬਾਹਰ ਰੋਣ ਦੀਆਂ ਆਵਾਜ਼ਾਂ ਅਤੇ ਟੁੱਟੇ ਦਿਲਾਂ ਦਾ ਮੰਜ਼ਰ ਦਿੱਲੀ ਦੀ ਹਵਾ 'ਚ ਦਰਦ ਘੋਲ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
