ਤਰੁਣ ਚੁੱਘ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਮੌਤ ''ਚ ਸ਼ੇਖ ਅਬਦੁੱਲਾ ਦੀ ਭੂਮਿਕਾ ‘ਤੇ ਚੁੱਕੇ ਸਵਾਲ
Tuesday, Jun 23, 2026 - 05:24 PM (IST)
ਸ਼੍ਰੀਨਗਰ- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ, ਜੋ ਜੰਮੂ-ਕਸ਼ਮੀਰ ਦੇ ਪਾਰਟੀ ਇੰਚਾਰਜ ਵੀ ਹਨ, ਨੇ ਅੱਜ ਜਨਸੰਘ (ਮੌਜੂਦਾ ਭਾਜਪਾ) ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਰਾਸ਼ਟਰੀ ਏਕਤਾ ਅਤੇ ਅਖੰਡਤਾ ਲਈ ਆਪਣਾ ਸਰਵਉੱਚ ਬਲੀਦਾਨ ਦਿੱਤਾ।
ਡਾ. ਮੁਖਰਜੀ ਦੇ ਬਲੀਦਾਨ ਨੂੰ ਯਾਦ ਕਰਦਿਆਂ ਚੁੱਘ ਨੇ ਉਸ ਸਮੇਂ ਦੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸ਼ੇਖ ਅਬਦੁੱਲਾ ਦੀ ਭੂਮਿਕਾ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਡਾ. ਮੁਖਰਜੀ ਨੂੰ ਜੰਮੂ-ਕਸ਼ਮੀਰ 'ਚ ਬਿਨਾਂ ਇਜਾਜ਼ਤ ਦਾਖ਼ਲ ਹੋਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ 'ਚ ਸ਼ੱਕੀ ਹਾਲਤ 'ਚ ਉਨ੍ਹਾਂ ਦੀ ਮੌਤ ਹੋ ਗਈ।
ਚੁੱਘ ਨੇ ਕਿਹਾ ਕਿ ਡਾ. ਮੁਖਰਜੀ ਸਮਾਵੇਸ਼ੀ ਅਤੇ ਏਕੀਕ੍ਰਿਤ ਭਾਰਤ ਦੀ ਰਾਸ਼ਟਰੀ ਭਾਵਨਾ ਦੇ ਪ੍ਰਤੀਕ ਸਨ, ਜਦਕਿ ਉਨ੍ਹਾਂ ਦੇ ਅਨੁਸਾਰ ਸ਼ੇਖ ਅਬਦੁੱਲਾ ਉਸ ਸਮੇਂ ਵੱਖਰੀ ਰਾਜਨੀਤਿਕ ਵਿਵਸਥਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਡਾ. ਮੁਖਰਜੀ ਜੰਮੂ-ਕਸ਼ਮੀਰ ਲਈ ਵੱਖਰੇ ਸੰਵਿਧਾਨ, ਵੱਖਰੇ ਝੰਡੇ ਅਤੇ ਵੱਖਰੀ ਰਾਜਨੀਤਿਕ ਪ੍ਰਣਾਲੀ ਦੇ ਵਿਰੋਧੀ ਸਨ, ਜਿਸ ਨੂੰ ਉਸ ਵੇਲੇ ਧਾਰਾ 370 ਅਧੀਨ ਲਾਗੂ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਚੁੱਘ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਦੀ ਕੋਈ ਸੁਤੰਤਰ ਜਾਂ ਨਿਰਪੱਖ ਜਾਂਚ ਨਾ ਹੋਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇਸ ਘਟਨਾ ਦੇ ਕਈ ਪਹਿਲੂ ਅੱਜ ਤੱਕ ਸਾਹਮਣੇ ਨਹੀਂ ਆ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਾਰਾ 370 ਹਟਾ ਕੇ ਜੰਮੂ-ਕਸ਼ਮੀਰ ਨੂੰ ਦੇਸ਼ ਦੀ ਮੁੱਖ ਧਾਰਾ ਨਾਲ ਜੋੜਨ ਅਤੇ ਵਿਕਾਸ ਦੀ ਨਵੀਂ ਦਿਸ਼ਾ ਦੇਣ ਲਈ ਇਤਿਹਾਸਕ ਕਦਮ ਚੁੱਕੇ ਹਨ। ਚੁੱਘ ਨੇ ਅਬਦੁੱਲਾ ਪਰਿਵਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲੰਬੇ ਸਮੇਂ ਤੱਕ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਉਨ੍ਹਾਂ ਦੇ ਬੁਨਿਆਦੀ ਹੱਕਾਂ ਅਤੇ ਆਰਥਿਕ ਤਰੱਕੀ ਤੋਂ ਵਾਂਝਾ ਰੱਖਿਆ।
ਇਸ ਮੌਕੇ ‘ਤੇ ਭਾਜਪਾ ਦੀ ਰਾਸ਼ਟਰੀ ਕਾਰਜਕਾਰਣੀ ਦੇ ਮੈਂਬਰ ਅਤੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਰਿਸਰਚ ਫਾਊਂਡੇਸ਼ਨ ਦੇ ਚੇਅਰਮੈਨ ਡਾ. ਅਨਿਰਬਾਨ ਗਾਂਗੁਲੀ ਨੇ ਰਾਸ਼ਟਰ ਨਿਰਮਾਣ 'ਚ ਡਾ. ਮੁਖਰਜੀ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ ਡਾ. ਮੁਖਰਜੀ ਦੀ 125ਵੀਂ ਜਨਮ ਜਯੰਤੀ ਮਨਾਈ ਜਾ ਰਹੀ ਹੈ ਅਤੇ ਉਨ੍ਹਾਂ ਦੇ ਜਨਮ ਸਥਾਨ ਪੱਛਮੀ ਬੰਗਾਲ 'ਚ ਲੰਬੇ ਸੰਘਰਸ਼ ਤੋਂ ਬਾਅਦ ਭਾਜਪਾ ਸੱਤਾ 'ਚ ਆਈ ਹੈ। ਉਨ੍ਹਾਂ ਕਿਹਾ ਕਿ ਡਾ. ਮੁਖਰਜੀ ਦਾ “ਇਕ ਦੇਸ਼, ਇਕ ਸੰਵਿਧਾਨ” ਦਾ ਸੁਪਨਾ ਪ੍ਰਧਾਨ ਮੰਤਰੀ ਮੋਦੀ ਦੇ “ਏਕ ਭਾਰਤ, ਸ਼੍ਰੇਸ਼ਠ ਭਾਰਤ” ਦੇ ਵਿਜ਼ਨ ਰਾਹੀਂ ਸਾਕਾਰ ਹੋਇਆ ਹੈ।
ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸਤ ਸ਼ਰਮਾ ਨੇ ਲੋਕਾਂ 'ਚ ਰਾਸ਼ਟਰੀ ਭਾਵਨਾਵਾਂ ਨੂੰ ਦੁਬਾਰਾ ਮਜ਼ਬੂਤ ਕਰਨ ਦਾ ਅਪੀਲ ਕੀਤਾ। ਇਸ ਮੌਕੇ ‘ਤੇ ਭਾਜਪਾ ਦੇ ਸੂਬਾ ਮਹਾਮੰਤਰੀ ਮੁਹੰਮਦ ਅਨਵਰ ਖਾਨ, ਪ੍ਰਦੇਸ਼ ਬੁਲਾਰੇ ਮਨਜ਼ੂਰ ਭੱਟ, ਸੂਬਾ ਸਕੱਤਰ ਆਰਿਫ ਰਾਜਾ, ਮੁਦੱਸਿਰ ਵਾਨੀ, ਅਲਤਾਫ ਠਾਕੁਰ ਅਤੇ ਬਿਲਾਲ ਪਰਰੇ ਵੀ ਮੌਜੂਦ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
