ਅਮਰਨਾਥ ਯਾਤਰੀਆਂ ਦੀ ਸੁਰੱਖਿਆ ਤੇ ਸੁਚਾਰੂ ਯਾਤਰਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਸਰਕਾਰ : ਅਮਿਤ ਸ਼ਾਹ
Friday, Jun 12, 2026 - 06:00 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਇੱਥੇ ਇਕ ਬੈਠਕ 'ਚ ਪਵਿੱਤਰ ਅਮਰਨਾਥ ਯਾਤਰਾ ਦੀ ਸੁਰੱਖਿਆ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਸਰਕਾਰ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਸਰਵਉੱਚ ਪਹਿਲ ਦਿੰਦੇ ਹੋਏ ਇਸ ਸੁਚਾਰੂ ਅਤੇ ਸਹੂਲਤਜਨਕ ਬਣਾਉਣ ਲਈ ਵਚਨਬੱਧ ਹੈ। ਸ਼ਾਹ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ, ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ, ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਦੇ ਡਾਇਰੈਕਟਰ ਜਨਰਲ ਗਿਆਨੇਂਦਰ ਪ੍ਰਤਾਪ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਸ਼੍ਰੀ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਦੀ ਸਰਵਉੱਚ ਸੁਰੱਖਿਆ ਅਤੇ ਸੁਚਾਰੂ ਯਾਤਰਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦੇ ਅਧੀਨ ਯਾਤਰਾ ਮਾਰਗ 'ਤੇ ਕੇਂਦਰੀ ਪੁਲਸ ਫ਼ੋਰਸਾਂ, ਜੰਮੂ ਕਸ਼ਮੀਰ ਪੁਲਸ ਅਤੇ ਸਾਰੀਆਂ ਸੁਰੱਖਿਆ ਏਜੰਸੀਆਂ ਦੀਆਂ ਤਾਲਮੇਲ ਕੋਸ਼ਿਸ਼ਾਂ ਨਾਲ ਕਈ ਪੱਧਰ 'ਤੇ ਸੁਰੱਖਿਆ ਗਰਿੱਡ ਸਥਾਪਤ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਡਰੋਨ, ਸੀਸੀਟੀਵੀ ਨਿਗਰਾਨੀ, ਸਰਵਿਲਾਂਸ ਸਿਸਟਮ ਅਤੇ ਹੋਰ ਆਧੁਨਿਕ ਤਕਨੀਕਾਂ ਦੇ ਵਿਆਪਕ ਉਪਯੋਗ ਦੇ ਨਾਲ ਰਵਾਇਤੀ ਸੁਰੱਖਿਆ ਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਯਾਤਰਾ ਦੌਰਾਨ ਜੰਮੂ ਕਸ਼ਮੀਰ ਪੁਲਸ ਦੇ ਸੀਨੀਅਰ ਅਧਿਕਾਰੀ ਕੈਂਪ ਸਥਾਨਾਂ 'ਤੇ ਵਿਵਸਥਾਵਾਂ ਦੀ ਲਗਾਤਾਰ ਨਿਗਰਾਨੀ ਕਰਨਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਰਧਾਲੂਆਂ ਦੇ ਰਜਿਸਟਰੇਸ਼ਨ, ਰਿਹਾਇਸ਼, ਸਿਹਤ ਸੇਵਾਵਾਂ ਅਤੇ ਆਫ਼ਤ ਪ੍ਰਬੰਧਨ ਸਮੇਤ ਸਾਰੀਆਂ ਜ਼ਰੂਰੀ ਸਹੂਲਤਾਂ ਲਈ ਢੁਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਬੈਠਕ 'ਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਕਿ ਯਾਤਰਾ ਨਾਲ ਜੁੜੇ ਸਥਾਨਕ ਲੋਕਾਂ ਅਤੇ ਪਸ਼ੂਆਂ ਦੇ ਰਜਿਸਟਰੇਸ਼ਨ ਜ਼ਰੂਰੀ ਕਰ ਕੇ ਕਿਊ ਆਰ ਕੋਡ ਯੁਕਤ ਪਛਾਣ ਪੱਤਰ ਜਾਰੀ ਕੀਤੇ ਜਾਣਗੇ। ਇਸ ਦੇ ਨਾਲ ਹੀ ਪਸ਼ੂਆਂ ਦੇ ਸਿਹਤ ਪ੍ਰੀਖਣ ਲਈ ਵੀ ਕੈਂਪ ਲਗਾਏ ਜਾਣ। ਇਹ ਫੈਸਲਾ ਲਿਆ ਗਿਆ ਕਿ ਮੌਸਮ ਦੀ ਸਥਿਤੀ ਅਤੇ ਭਵਿੱਖਬਾਣੀ ਦੇ ਅਨੁਰੂਪ ਹੀ ਸ਼ਰਧਾਲੂਆਂ ਦੇ ਜੱਥਿਆਂ ਨੂੰ ਅੱਗੇ ਵਧਾਉਣ ਦੀ ਵਿਵਸਥਾ ਕੀਤੀ ਜਾਵੇਗੀ। ਯਾਤਰਾ ਮਾਰਗ ਤੋਂ ਇਲਾਵਾ ਹੋਰ ਮੁੱਖ ਸੈਰ-ਸਪਾਟਾ ਸਥਾਨਾਂ 'ਤੇ ਵੀ ਮਜ਼ਬੂਤ ਸੁਰੱਖਿਆ ਵਿਵਸਥਾ ਯਕੀਨੀ ਕੀਤੀ ਜਾਵੇਗੀ, ਜਿਸ ਨਾਲ ਸ਼ਰਧਾਲੂ ਸੁਰੱਖਿਅਤ ਰੂਪ ਨਾਲ ਸੈਰ-ਸਪਾਟੇ ਦਾ ਆਨੰਦ ਮਾਣ ਸਕਣ। ਪਵਿੱਤਰ ਅਮਰਨਾਥ ਯਾਤਰਾ 3 ਜੁਲਾਈ ਤੋਂ 28 ਅਗਸਤ ਤੱਕ ਹੋਵੇਗੀ। ਕਰੀਬ 2 ਮਹੀਨੇ ਤੱਕ ਚੱਲਣ ਵਾਲੀ ਇਸ ਸਾਲਾਨਾ ਤੀਰਥ ਯਾਤਰਾ ਲਈ ਰਜਿਸਟ੍ਰੇਸ਼ਨ ਲਾਜ਼ਮੀ ਹੈ। ਅਰਜ਼ੀ ਪ੍ਰਕਿਰਿਆ 15 ਅਪ੍ਰੈਲ ਨੂੰ ਸ਼ੁਰੂ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
