ਨਲ ਤੋਂ ਜਲ : ਸਿਖਰਲੇ 10 ਸੂਬਿਆਂ ’ਚ ਪੰਜਾਬ, ਹਰਿਆਣਾ ਅਤੇ ਹਿਮਾਚਲ
Tuesday, Dec 20, 2022 - 12:04 PM (IST)

ਨਵੀਂ ਦਿੱਲੀ- ਪੰਜਾਬ ਤੇ ਹਰਿਆਣਾ ਸਾਰੇ ਦਿਹਾਤੀ ਪਰਿਵਾਰਾਂ ਨੂੰ 100 ਫੀਸਦੀ ਟੂਟੀ ਦਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ’ਚ ਦੇਸ਼ ਦੇ ਸਿਖਰਲੇ 10 ਸੂਬਿਆਂ ’ਚ ਸ਼ਾਮਲ ਹਨ। ਇਥੋਂ ਤੱਕ ਕਿ ਹਿਮਾਚਲ ਪ੍ਰਦੇਸ਼ ਵਰਗਾ ਪਹਾੜੀ ਸੂਬੇ ਆਪਣੇ ਇਥੇ 96 ਫੀਸਦੀ ਤੋਂ ਵੱਧ ਘਰਾਂ ’ਚ ਟੂਟੀ ਦਾ ਪਾਣੀ ਦੇਣ ’ਚ ਸਮਰਥ ਹੋ ਚੁੱਕਾ ਹੈ ਅਗਲੇ ਕੁਝ ਮਹੀਨਿਆਂ ਦੇ ਅੰਦਰ ਬਾਕੀ ਪਰਿਵਾਰਾਂ ਨੂੰ ਵੀ ਕਵਰ ਕਰ ਲਵੇਗਾ।
ਇਨ੍ਹਾਂ ਸੂਬਿਆਂ ਨੇ ਮਹਾਰਾਸ਼ਟਰ ਸਮੇਤ ਕਈ ਅਮੀਰ ਸੂਬਿਆਂ ਨੂੰ ਬਹੁਤ ਪਿੱਛੇ ਧੱਕ ਦਿੱਤਾ ਹੈ, ਜੋ ਆਪਣੀ 72 ਫੀਸਦੀ ਦਿਹਾਤੀ ਆਬਾਦੀ ਨੂੰ ਹੀ ਟੂਟੀ ਦਾ ਪਾਣੀ ਮੁਹੱਈਆ ਕਰਵਾ ਸਕੇ ਹਨ। ਇਥੋਂ ਤੱਕ ਕਿ ਬਿਹਾਰ ਵਰਗੇ ਪਿਛੜੇ ਸੂਬੇ ਨੇ ਵੀ ਸਾਰੇ ਘਰਾਂ ’ਚ ਟੂਟੂ ਤੋਂ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ’ਚ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਮੁਕਾਬਲੇ ਕਿਤੇ ਵਧੀਆ ਪ੍ਰਦਰਸ਼ਨ ਕੀਤਾ ਹੈ।
ਮਹਾਰਾਸ਼ਟਰ ਨੇ ਅਜੇ ਲੰਬਾ ਰਾਹ ਤੈਅ ਕਰਨਾ ਹੈ ਕਿਉਂਕਿ 28 ਫੀਸਦੀ ਦਿਹਾਤੀ ਘਰਾਂ ’ਚ ਅਜੇ ਵੀ ਟੂਟੀ ਦਾ ਪਾਣੀ ਨਹੀਂ ਹੈ। ਇਸ ਦੇ ਉਲਟ ਯੂ. ਪੀ. ਅਤੇ ਐੱਮ. ਪੀ. ਨੇ ਕ੍ਰਮਵਾਰ ਸਿਰਫ 28 ਫੀਸਦੀ ਅਤੇ 45 ਫੀਸਦੀ ਆਬਾਦੀ ਨੂੰ ਟੂਟੀ ਦਾ ਪਾਣੀ ਮੁਹੱਈਆ ਕਰਵਾਇਆ ਹੈ। ਸੂਬਿਆਂ ’ਚ ਟੂਟੀ ਦੇ ਪਾਣੀ ਦੀ ਰਾਸ਼ਟਰੀ ਔਸਤ 45 ਫੀਸਦੀ ਹੈ। ਖਾਸ ਗੱਲ ਇਹ ਹੈ ਕਿ ਬਿਹਾਰ ਵਰਗੇ ਪਿਛੜੇ ਸੂਬੇ ਨੇ 95 ਫੀਸਦੀ ਤੋਂ ਵੱਧ ਕਵਰੇਜ ਹਾਸਲ ਕਰ ਲਈ ਹੈ। ਜਲ ਸ਼ਕਤੀ ਮੰਤਰਾਲਾ ਵੱਲੋਂ ਮੁਹੱਈਆ ਕਰਵਾਏ ਤਾਜ਼ੇ ਅੰਕੜਿਆਂ ’ਚ ਦੇਸ਼ ’ਚ ਕੁੱਲ 19.35 ਕਰੋੜ ਤੋਂ ਵੱਧ ਪਰਿਵਾਰਾਂ ’ਚੋਂ 10.69 ਕਰੋੜ ਨੂੰ ਟੂਟੀ ਰਾਹੀਂ ਜਲ ਮੁਹੱਈਆ ਕਰਵਾਇਆ ਗਿਆ ਹੈ।
ਮਹਾਰਾਸ਼ਟਰ ’ਚ 1.45 ਕਰੋੜ ਦਿਹਾਤੀ ਪਰਿਵਾਰਾਂ ’ਚੋਂ 1.05 ਕਰੋ਼ੜ ਪਰਿਵਾਰਾਂ ਨੂੰ ਪਾਣੀ ਦਾ ਕੁਨੈਕਸ਼ਨ ਮਿਲਆ ਹੈ। ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨੇ ਸਾਰੇ ਭਾਜਪਾ ਸਰਕਾਰਾਂ ਵਾਲੇ ਸੂਬਿਆਂ ਨੂੰ ਮਜ਼ਬੂਤੀ ਨੂੰ ਦੱਸ ਦਿੱਤਾ ਹੈ ਕਿ ਉਹ ਦਸੰਬਰ 2023 ਤੱਕ 100 ਫੀਸਦੀ ਟੀਚਾ ਹਾਸਲ ਕਰਨ ਲਈ ਤਿਆਰ ਰਹਿਣ। ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਦੇ ਪ੍ਰਦਰਸ਼ਨ ਤੋਂ ਕੁਝ ਹੱਦ ਤੱਕ ਪ੍ਰੇਸ਼ਾਨ ਹਨ।
ਇਸ ਤੋਂ ਇਲਾਵਾ ਨਾਗਾਲੈਂਡ, ਤ੍ਰਿਪੁਰਾ, ਕਰਨਾਟਕ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਮ ਅਤੇ ਮਣੀਪੁਰ ’ਚ 25-45 ਫੀਸਦੀ ਦੇ ਫਰਕ ਨੂੰ ਖਤਮ ਕਰਨ ਲਈ ਕਾਫੀ ਮਿਹਨਤ ਕਰਨੀ ਪੈ ਰਹੀ ਹੈ। ਇਸ ਮਾਮਲੇ ’ਚ ਸਭ ਤੋਂ ਵੱਧ ਪਿੱਛੇ ਰਹਿਣ ਵਾਲੇ ਸੂਬਿਆਂ ’ਚ ਪੱਛਮੀ ਬੰਗਾਲ, ਰਾਜਸਥਾਨ , ਕੇਰਲ ਅਤੇ ਓਡਿਸ਼ਾ ਸ਼ਾਮਲ ਹੈ।