PM ਮੋਦੀ ਤੇ ਉੱਤਰ ਪ੍ਰਦੇਸ਼ ਦੇ CM ਯੋਗੀ ਦੇ ਆਧਾਰ ਕਾਰਡ ਨਾਲ ਛੇੜਛਾੜ, ਦੋਸ਼ੀ ਗ੍ਰਿਫਤਾਰ

07/27/2023 11:16:24 AM

ਮੁਜ਼ੱਫਰਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਆਧਾਰ ਕਾਰਡ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਗੁਜਰਾਤ ਪੁਲਸ ਦੀ ਇਕ ਟੀਮ ਨੇ ਉੱਤਰੀ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਜ਼ੱਫਰਪੁਰ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ. ਐੱਸ. ਪੀ.) ਰਾਕੇਸ਼ ਕੁਮਾਰ ਮੁਤਾਬਕ ਦੋਸ਼ੀ ਅਰਪਨ ਦੂਬੇ ਉਰਫ ਮਦਨ ਕੁਮਾਰ ਨੂੰ ਜ਼ਿਲ੍ਹੇ ਦੇ ਸਾਦਾਤਪੁਰ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ।

ਐੱਸ. ਐੱਸ. ਪੀ. ਨੇ ਕਿਹਾ ਕਿ ਮੁਲਜ਼ਮ ਜ਼ਿਲ੍ਹੇ ਦੇ ਗਰੀਬਾ ਪਿੰਡ ਦਾ ਰਹਿਣ ਵਾਲਾ ਹੈ। ਉਹ ਕਾਂਟੀ ਥਾਣਾ ਖੇਤਰ ਅਧੀਨ ਪੈਂਦੇ ਸਾਦਾਤਪੁਰ ਖੇਤਰ ਦੇ ਇਕ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਵੈੱਬਸਾਈਟ ’ਤੇ ਆਧਾਰ ਕਾਰਡ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਗੁਜਰਾਤ ਪੁਲਸ ਦੀ ਟੀਮ ਨੇ ਸਥਾਨਕ ਪੁਲਸ ਦੀ ਮਦਦ ਨਾਲ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਦੁਬੇ ਤੋਂ ਪੁੱਛ-ਗਿੱਛ ਕੀਤੀ ਅਤੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਅਤੇ ਫਿਰ ਟਰਾਂਜਿਟ ਰਿਮਾਂਡ ਲੈ ਕੇ ਬੁੱਧਵਾਰ ਰਾਤ ਨੂੰ ਗੁਜਰਾਤ ਰਵਾਨਾ ਹੋ ਗਈ।

ਕਾਂਟੀ ਥਾਣਾ ਮੁਖੀ ਸੰਜੇ ਕੁਮਾਰ ਨੇ ਦੱਸਿਆ ਕਿ ਦੁਬੇ 'ਤੇ ਦੋਸ਼ ਹੈ ਕਿ ਪ੍ਰਧਾਨ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਆਧਾਰ ਕਾਰਡ 'ਚ ਜਨਮ ਤਾਰੀਖ਼ ਅਤੇ ਹੋਰ ਡਾਟਾ ਨਾਲ ਉਸ ਨੇ ਛੇੜਛਾੜ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਹਿਲਾਂ 18 ਜੁਲਾਈ ਨੂੰ ਮੁੰਬਈ ਦੇ ਟ੍ਰੈਫਿਕ ਕੰਟਰੋਲ ਰੂਮ ਨੂੰ ਧਮਕੀ ਭਰਿਆ ਸੰਦੇਸ਼ ਮਿਲਿਆ ਸੀ, ਜਿਸ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਯੋਗੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। 


Tanu

Content Editor

Related News