ਤਾਮਿਲਨਾਡੂ ਹੈਲੀਕਾਪਟਰ ਹਾਦਸੇ ’ਚ ਹਿਮਾਚਲ ਦੇ ਲਾਂਸ ਨਾਇਕ ਵਿਵੇਕ ਕੁਮਾਰ ਵੀ ਸ਼ਹੀਦ

Thursday, Dec 09, 2021 - 01:56 PM (IST)

ਲੰਬਾਗਾਓਂ— ਤਾਮਿਲਨਾਡੂ ਦੇ ਕੰਨੂਰ ’ਚ ਫ਼ੌਜ ਦੇ ਹੈਲੀਕਾਪਟਰ ਹਾਦਸੇ ’ਚ ਚੀਫ਼ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਮੇਤ 13 ਲੋਕਾਂ ਦੀ ਮੌਤ ਹੋ ਗਈ। ਜਦਕਿ ਕਿ ਗਰੁੱਪ ਕੈਪਟਨ ਵਰੁਣ ਸਿੰਘ ਹੀ ਬਚੇ ਹਨ, ਜਿਨ੍ਹਾਂ ਦਾ ਵੇਲਿੰਗਟਨ ਦੇ ਮਿਲਟਰੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਵਿਚ ਹਿਮਾਚਲ ਦਾ ਇਕ ਜਵਾਨ ਵੀ ਸ਼ਾਮਲ ਹੈ। 

ਜਾਣਕਾਰੀ ਮੁਤਾਬਕ ਹਾਦਸੇ ਵਿਚ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਸਬ-ਡਵੀਜ਼ਨ ਜੈਸਿੰਘਪੁਰ ਤਹਿਤ ਆਉਂਦੇਪਿੰਡ ਠੇਹਡੂ-ਕੋਸਰੀ ਨਾਲ ਸਬੰਧ ਰੱਖਣ ਵਾਲੇ ਲਾਂਸ ਨਾਇਕ ਵਿਵੇਕ ਕੁਮਾਰ ਵੀ ਸ਼ਹੀਦ ਹੋਏ ਹਨ। ਵਿਵੇਕ ਕੁਮਾਰ, ਸੀ. ਡੀ. ਐੱਸ. ਜਨਰਲ ਬਿਪਿਨ ਰਾਵਤ ਦੇ ਪੀ. ਐੱਸ. ਓ. ਸਨ। ਓਧਰ ਵਿਵੇਕ ਕੁਮਾਰ ਦੇ ਸ਼ਹੀਦ ਹੋਣ ਦੀ ਖ਼ਬਰ ਮਿਲਦੇ ਹੀ ਪਿੰਡ ’ਚ ਸੋਗ ਦੀ ਲਹਿਰ ਹੈ।

ਦੱਸ ਦੇਈਏ ਕਿ 30 ਸਾਲਾ ਵਿਵੇਕ ਕੁਮਾਰ ਅਜੇ ਹਾਲ ਹੀ ’ਚ ਛੁੱਟੀ ਕੱਟ ਕੇ ਡਿਊਟੀ ’ਤੇ ਗਏ ਸਨ। 2 ਸਾਲ ਪਹਿਲਾਂ ਹੀ ਉਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਅਜੇ ਉਨ੍ਹਾਂ ਦਾ 6 ਮਹੀਨੇ ਦਾ ਇਕ ਬੱਚਾ ਹੈ। ਵਿਵੇਕ ਕੁਮਾਰ 12 ਜੈਕ ਰਾਈਫ਼ਲ ਵਿਚ ਦਾਖ਼ਲ ਹੋਣ ਮਗਰੋਂ ਪੈਰਾ-ਕਮਾਂਡੋ ਦੀ ਮੁਸ਼ਕਲ ਸਿਖਲਾਈ ਪਾਸ ਕਰ ਕੇ ਪੈਰਾ-1 ਰੈਜੀਮੈਂਟ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਸਨ। ਵਿਵੇਕ ਦਾ ਬਚਪਨ ਤੋਂ ਹੀ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਉਦੇਸ਼ ਸੀ। ਵਿਵੇਕ ਬਹੁਤ ਹੀ ਮਿਲਨਸਾਰ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਦੋਵੇਂ ਹੀ ਮਿਹਨਤ ਮਜ਼ਦੂਰੀ ਕਰਦੇ ਹਨ।


Tanu

Content Editor

Related News