ਤਾਮਿਲਨਾਡੂ: ਬੱਸ ''ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

Monday, Jan 30, 2023 - 03:27 PM (IST)

ਤਾਮਿਲਨਾਡੂ: ਬੱਸ ''ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

ਕੋਇਬੰਟੂਰ- ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ 'ਚ ਮੇਤੂਰ ਦੇ ਨੇੜੇ ਬੇਂਗਲੁਰੂ ਜਾ ਰਹੀ ਇਕ ਪ੍ਰਾਈਵੇਟ ਬੱਸ 'ਚ ਐਤਵਾਰ ਦੇਰ ਰਾਤ ਅੱਗ ਲੱਗਣ ਨਾਲ 10 ਯਾਤਰੀ ਝੁਲਸ ਗਏ। ਹਾਲਾਂਕਿ ਯਾਤਰੀਆਂ ਨੇ ਬੱਸ 'ਚੋਂ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ। ਪੁਲਸ ਨੇ ਦੱਸਿਆ ਕਿ ਜਾਨ ਬਚਾਉਣ ਲਈ ਬੱਸ ਦੀ ਖਿੜਕੀ 'ਚੋਂ ਛਾਲ ਮਾਰਨ ਦੌਰਾਨ ਕੁਝ ਔਰਤਾਂ ਸਮੇਤ 10 ਯਾਤਰੀ ਅੱਗ 'ਚ ਝੁਲਸ ਗਏ। ਉਨ੍ਹਾਂ ਨੂੰ ਇਲਾਜ ਲਈ ਮੇਤੂਰ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।

ਅਧਿਕਾਰੀ ਨੇ ਦੱਸਿਆ ਕਿ ਕੋਇਬੰਟੂਰ ਤੋਂ ਆ ਰਹੀ ਬੱਸ 'ਚ 43 ਯਾਤਰੀ ਸਵਾਰ ਸਨ। ਬੱਸ ਦੇ ਦੇਰ ਰਾਤ ਕਰੀਬ ਡੇਢ ਵਜੇ ਪੁਡੂਪੱਲੀ ਪਹੁੰਚਦੇ ਹੀ ਉਸ 'ਚ ਅੱਗ ਲੱਗ ਗਈ, ਜੋ ਪੂਰੇ ਵਾਹਨ 'ਚ ਫੈਲ ਗਈ। ਉਨ੍ਹਾਂ ਨੇ ਦੱਸਿਆ ਕਿ ਸਾਰੇ ਯਾਤਰੀਆਂ ਨੇ ਜਿਵੇਂ-ਤਿਵੇਂ ਬੱਸ 'ਚੋਂ ਬਾਹਰ ਛਾਲ ਮਾਰ ਕੇ ਜਾਨ ਬਚਾਈ। 

ਅਧਿਕਾਰੀ ਮੁਤਾਬਕ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਬਚਾਅ ਦਲ ਦੇ ਕਾਮਿਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਹਾਲਾਂਕਿ ਇਸ ਦੌਰਾਨ ਬੱਸ 'ਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪੁਲਸ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News