ਵੀਡੀਓ ਬਣਾ ਕੇ ਤਮਿਲ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
Friday, Jul 31, 2020 - 11:01 PM (IST)

ਚੇਨਈ : ਪਿਛਲੇ ਕੁੱਝ ਸਮੇਂ ਤੋਂ ਫਿਲਮ ਇੰਡਸਟਰੀ ਤੋਂ ਲਗਾਤਾਰ ਬੁਰੀਆਂ ਖ਼ਬਰਾਂ ਆ ਰਹੀਆਂ ਹਨ। ਕਈ ਹਸਤੀਆਂ ਵੱਲੋਂ ਆਤਮ ਹੱਤਿਆ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਖ਼ਬਰ ਆਈ ਹੈ ਕਿ ਤਮਿਲ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਵਿਜੇਲਕਸ਼ਮੀ ਨੇ ਵੀ ਹਾਲ ਹੀ 'ਚ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਚੇਨਈ ਦੇ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ। ਇਸ ਤੋਂ ਪਹਿਲਾਂ ਵਿਜੇਲਕਸ਼ਮੀ ਨੇ ਕਿਹਾ ਸੀ ਕਿ ਅਦਾਕਾਰ ਤੋਂ ਰਾਜਨੇਤਾ ਬਣੇ ਸੀਮਾਨ ਅਤੇ ਹਰਿ ਨਾਡਰ ਦੀ ਪਾਰਟੀ ਦੇ ਲੋਕ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨ ਕਰ ਰਹੇ ਹਨ।
ਹਾਲ ਹੀ 'ਚ ਅਦਾਕਾਰਾ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਸੀ ਜਿਸ 'ਚ ਉਹ ਕਹਿ ਰਹੀਆਂ ਸਨ ਕਿ ਇਹ ਉਨ੍ਹਾਂ ਦਾ ਆਖਰੀ ਵੀਡੀਓ ਹੈ। ਉਨ੍ਹਾਂ ਕਿਹਾ ਕਿ ਮੈਂ ਸੀਮਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਦੀ ਵਜ੍ਹਾ ਨਾਲ ਪਿਛਲੇ ਚਾਰ ਮਹੀਨਿਆਂ ਤੋਂ ਤਣਾਅ 'ਚ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮੈਂ ਆਪਣੀ ਮਾਂ ਅਤੇ ਭੈਣ ਦੀ ਵਜ੍ਹਾ ਨਾਲ ਹੁਣ ਤੱਕ ਜੀਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਹਾਲ ਹੀ 'ਚ ਹਰਿ ਨਾਡਰ ਨੇ ਮੈਨੂੰ ਮੀਡੀਆ ਸਾਹਮਣੇ ਅਪਮਾਨਿਤ ਕਰ ਦਿੱਤਾ ਹੈ। ਉਨ੍ਹਾਂ ਨੇ ਵੀਡੀਓ 'ਚ ਕਿਹਾ ਕਿ ਮੈਂ ਆਪਣੀ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਪਹਿਲਾਂ ਹੀ ਖਾ ਚੁੱਕੀ ਹਾਂ ਇਸ ਲਈ ਕੁੱਝ ਹੀ ਦੇਰ 'ਚ ਮੇਰਾ ਬਲੱਡ ਪ੍ਰੈਸ਼ਰ ਡਿੱਗਣ ਲੱਗੇਗਾ ਅਤੇ ਮੈਂ ਮਰ ਜਾਵਾਂਗੀ।