ਪ੍ਰਦੁੱਮਣ ਕਤਲ ਕੇਸ: ਦੋਸ਼ੀ ਵਿਦਿਆਰਥੀ ਦਾ ਕੇਸ ਲੜਨਗੇ ਤਲਵਾੜ ਜੋੜੇ ਦੇ ਵਕੀਲ
Saturday, Nov 25, 2017 - 05:31 PM (IST)
ਗੁਰੂਗ੍ਰਾਮ— ਆਰੂਸ਼ੀ ਕਤਲ ਕੇਸ 'ਚ ਬਰੀ ਹੋਏ ਤਲਵਾਰ ਜੋੜੇ ਦੇ ਵਕੀਲ ਤਨਵੀਰ ਅਹਿਮਦ ਮੀਰ ਪ੍ਰਦੁੱਮਣ ਕਤਲ ਕੇਸ ਦੇ ਦੋਸ਼ੀ ਨਾਬਾਲਗ ਵਿਦਿਆਰਥੀ ਦਾ ਕੇਸ ਲੜਨਗੇ। ਇਸ ਗੱਲ ਦੀ ਪੁਸ਼ਟੀ ਖੁਦ ਤਨਵੀਰ ਅਹਿਮਦ ਮੀਰ ਨੇ ਕੀਤੀ ਹੈ। ਸ਼ੁੱਕਰਵਾਰ ਨੂੰ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੇ ਵਕੀਲ ਤਨਵੀਰ ਅਹਿਮਦ ਨਾਲ ਗੱਲ ਕੀਤੀ ਸੀ। ਇਸ ਤੋਂ ਬਾਅਦ ਇਹ ਕੇਸ ਲੈਣ ਦੀ ਗੱਲ ਚੱਲੀ। ਦੋਸ਼ੀ ਵਿਦਿਆਰਥੀ ਦੇ ਪਿਤਾ ਦਾ ਮੰਨਣਾ ਹੈ ਕਿ ਤਨਵੀਰ ਅਹਿਮਦ ਉਨ੍ਹਾਂ ਨੂੰ ਨਿਆਂ ਦਿਵਾ ਸਕਦੇ ਹਨ। ਉੱਥੇ ਹੀ ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋਸ਼ੀ ਨਾਬਾਲਗ ਦੇ ਪਰਿਵਾਰ ਵਾਲਿਆਂ ਨਾਲ ਸ਼ੁਰੂਆਤੀ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਲੜਕੇ ਦੇ ਪਿਤਾ ਨੇ ਆਪਣੇ ਇਕ ਦੋਸਤ ਰਾਹੀਂ ਉਨ੍ਹਾਂ ਨਾਲ ਸੰਪਰਕ ਕੀਤਾ। ਜ਼ਿਕਰਯੋਗ ਹੈ ਕਿ ਲੜਕੇ ਦੇ ਪਿਤਾ ਖੁਦ ਵੀ ਵਕੀਲ ਹਨ ਅਤੇ ਗੁੜਗਾਓਂ ਕੋਰਟ 'ਚ ਪ੍ਰੈਕਟਿਸ ਕਰਦੇ ਹਨ। ਤਨਵੀਰ ਅਹਿਮਦ ਨੇ ਕਿਹਾ ਕਿ ਇਸ ਮਾਮਲੇ 'ਚ ਕੀ ਹੋਵੇਗਾ, ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ, ਕਿਉਂਕਿ ਸੀ.ਬੀ.ਆਈ. ਨੂੰ ਅਜੇ ਉੱਚਿਤ ਅਦਾਲਤ 'ਚ ਆਪਣਾ ਕੇਸ ਰੱਖਣਾ ਹੈ। ਹਾਲਾਂਕਿ ਸੀ.ਬੀ.ਆਈ. ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਕਿ ਦੋਸ਼ੀ ਦਾ ਵਕੀਲ ਕੌਣ ਹੈ। ਸੀ.ਬੀ.ਆਈ. ਦੇ ਇਕ ਸੂਤਰ ਨੇ ਕਿਹਾ ਕਿ ਕਿਸੇ ਵੀ ਵਕੀਲ ਦੀਆਂ ਸੇਵਾਵਾਂ ਹਾਸਲ ਕਰਨਾ ਦੋਸ਼ੀ ਦਾ ਅਧਿਕਾਰ ਹੈ। ਉਨ੍ਹਾਂ ਨੂੰ ਆਪਣੀ ਜਾਂਚ 'ਤੇ ਪੂਰਾ ਭਰੋਸਾ ਹੈ।
ਵਕੀਲ ਦਾ ਕਹਿਣਾ ਹੈ ਕਿ ਸੀ.ਬੀ.ਆਈ. ਵੱਲੋਂ ਕਤਲ ਦੇ ਪਿੱਛੇ ਪ੍ਰੀਖਿਆ ਅਤੇ ਪੇਰੈਂਟਸ-ਟੀਚਰ ਮੀਟਿੰਗ ਟਾਲਣ ਦੀ ਮੰਸ਼ਾ ਜ਼ਾਹਰ ਸਹੀ ਨਹੀਂ ਹੈ। ਸੀ.ਬੀ.ਆਈ. ਦੇ ਸਬੂਤ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਹਨ, ਜਦੋਂ ਕਿ ਸੀ.ਸੀ.ਟੀ.ਵੀ. 'ਚ ਕਈ ਲੋਕ ਦਿਖਾਈ ਦੇ ਰਹੇ ਹਨ। ਕਿਸੇ 'ਤੇ ਦੋਸ਼ ਸਾਬਤ ਕਰਨ ਲਈ ਠੋਸ ਸਬੂਤਾਂ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸੀ.ਬੀ.ਆਈ. ਆਰੂਸ਼ੀ ਕੇਸ ਦੀ ਤਰ੍ਹਾਂ ਗਲਤੀ ਦੋਹਰਾ ਰਿਹਾ ਹੈ। ਜ਼ਿਕਰਯੋਗ ਹੈ ਕਿ 8 ਸਤੰਬਰ ਨੂੰ ਸਕੂਲ ਕੰਪਲੈਕਸ 'ਚ 7 ਸਾਲ ਦੇ ਪ੍ਰਦੁੱਮਣ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਇਸ ਮਾਮਲੇ 'ਚ ਕੰਡਕਟਰ ਅਸ਼ੋਕ ਨੂੰ ਦੋਸ਼ੀ ਬਣਾਇਆ ਸੀ। ਬਾਅਦ 'ਚ ਪ੍ਰਦੁੱਮਣ ਦੇ ਪਰਿਵਾਰ ਵਾਲਿਆਂ ਦੀ ਗੁਹਾਰ 'ਤੇ ਕੇਸ ਸੀ.ਬੀ.ਆਈ. ਨੂੰ ਸੌਂਪ ਦਿੱਤਾ ਗਿਆ। ਜਿਸ ਤੋਂ ਬਾਅਦ ਸੀ.ਬੀ.ਆਈ. ਨੇ ਉਸੇ ਸਕੂਲ ਦੇ 11ਵੀਂ ਦੇ ਵਿਦਿਆਰਥੀ ਨੂੰ ਦੋਸ਼ੀ ਬਣਾਇਆ। ਜਿਸ ਤੋਂ ਬਾਅਦ ਦੋਸ਼ੀ ਅਸ਼ੋਕ ਨੇ ਕੋਰਟ 'ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ। ਜਿਸ 'ਤੇ ਕੋਰਟ ਨੂੰ 50 ਹਜ਼ਾਰ ਦੇ ਮੁਚਲਕੇ 'ਤੇ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ਤੋਂ ਬਾਅਦ ਅਸ਼ੋਕ ਨੇ ਪੁਲਸ 'ਤੇ ਉਸ ਨੂੰ ਟਾਰਚਰ ਕਰਨ ਦੇ ਦੋਸ਼ ਲਗਾਏ ਹਨ। ਉੱਥੇ ਹੀ ਹੁਣ ਦੋਸ਼ੀ ਵਿਦਿਆਰਥੀ ਦੇ ਕੇਸ ਨੂੰ ਆਰੂਸ਼ੀ ਕਤਲ ਕੇਸ 'ਚ ਬਰੀ ਹੋਏ ਤਲਵਾੜ ਜੋੜੇ ਦੇ ਵਕੀਲ ਲੜਨਗੇ।
