ਦਰਜੀ ਕਤਲਕਾਂਡ ’ਚ ਵੱਡਾ ਖ਼ੁਲਾਸਾ; ਪਾਕਿਸਤਾਨੀ ਸੰਗਠਨ ‘ਦਾਵਤ-ਏ-ਇਸਲਾਮੀ’ ਨਾਲ ਲਿੰਕ

06/30/2022 9:49:33 AM

ਜੈਪੁਰ– ਰਾਜਸਥਾਨ ਦੇ ਆਈ. ਜੀ. ਪੀ. ਨੇ ਦੱਸਿਆਂ ਕਿ ਉਦੈਪੁਰ ਵਿਚ ਦਰਜੀ ਦਾ ਬੇਰਹਿਮੀ ਨਾਲ ਕੀਤੇ ਕਤਲ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਤਲ ਵਿਚ ਸ਼ਾਮਲ 2 ਦੋਸ਼ੀਆਂ ਵਿਚੋਂ ਇਕ ਗੌਸ ਮੁਹੰਮਦ ਦੇ ਪਾਕਿਸਤਾਨ ਦੇ ਇਸਲਾਮਿਕ ਸੰਗਠਨ ਦਾਵਤ-ਏ-ਇਸਲਾਮੀ ਨਾਲ ਲਿੰਕ ਮਿਲੇ ਹਨ ਅਤੇ ਉਸ ਨੇ 2014 ਵਿਚ ਕਰਾਚੀ ਦਾ ਦੌਰਾ ਕੀਤਾ ਸੀ।

ਆਈ. ਜੀ. ਪੀ. ਐੱਮ. ਐੱਮ. ਲਾਠਰ ਨੇ ਦੱਸਿਆ ਕਿ ਪੁਲਸ ਨੇ ਦਰਜੀ ਕਨ੍ਹਈਆ ਲਾਲ ਦੇ ਕਤਲ ਵਿਚ ਸ਼ਾਮਲ ਮੁੱਖ 2 ਦੋਸ਼ੀਆਂ ਦੇ ਸੰਪਰਕ ਵਿਚ ਰਹਿਣ ਵਾਲੇ 3 ਹੋਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਉਨ੍ਹਾਂ ਦੱਸਿਆ ਕਿ ਰਿਆਜ ਅਖਤਰੀ ਅਤੇ ਗੌਸ ਮੁਹੰਮਦ ਦੇ ਰੂਪ ਵਿਚ ਪਛਾਣੇ ਗਏ 2 ਲੋਕਾਂ ਨੇ ਮੰਗਲਵਾਰ ਨੂੰ ਉਦੈਪੁਰ ਵਿਚ ਦਰਜੀ ਕਨ੍ਹਈਆ ਲਾਲ ਦਾ ਗਲਾ ਵੱਢ ਕੇ ਕਤਲ ਕਰ ਦਿੱਤਆ ਅਤੇ ਸੋਸ਼ਲ ਮੀਡੀਆ ’ਤੇ ਵੀਡੀਓ ਪੋਸਟ ਕਰਦੇ ਹੋਏ ਕਿਹਾ ਕਿ ਉਹ ਇਸਲਾਮ ਦੇ ਅਪਮਾਨ ਦਾ ਬਦਲਾ ਲੈ ਰਹੇ ਹਨ।

ਇਹ ਵੀ ਪੜ੍ਹੋ– NIA ਨੇ ਦਰਜੀ ਕਤਲਕਾਂਡ ’ਚ UAPA ਤਹਿਤ ਮਾਮਲਾ ਕੀਤਾ ਦਰਜ, ਦੋਸ਼ੀਆਂ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ

ਸੂਬਾ ਪੁਲਸ ਮੁਖੀ ਨੇ ਕਿਹਾ ਕਿ ਦੋਵਾਂ ਨੂੰ ਮੰਗਲਵਾਰ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਉਨ੍ਹਾਂ ਖਿਲਾਫ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ (ਯੂ. ਏ. ਪੀ. ਏ.) ਦੇ ਨਾਲ-ਨਾਲ ਹੋਰ ਆਈ. ਪੀ. ਸੀ. ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਲਾਠਰ ਨੇ ਕਿਹਾ ਕਿ ਕਤਲ ਵਿਚ ਸ਼ਾਮਲ ਇਕ ਦੋਸ਼ੀ ਗੌਸ ਮੁਹੰਮਦ ਦੇ ਕਰਾਚੀ ਦੇ ਇਸਲਾਮਿਕ ਸੰਗਠਨ ‘ਦਾਵਤ-ਏ-ਇਸਲਾਮੀ’ ਨਾਲ ਲਿੰਕ ਪਾਏ ਗਏ ਹਨ। ਉਹ 2014 ਵਿਚ ਕਰਾਚੀ ਗਿਆ ਸੀ। ਕਤਲ ਵਿਚ ਸ਼ਾਮਲ 2 ਮੁੱਖ ਦੋਸ਼ੀਆਂ ਸਮੇਤ ਅਜੇ ਤੱਕ ਅਸੀਂ 5 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਇਹ ਵੀ ਪੜ੍ਹੋ- ਨੂਪੁਰ ਸ਼ਰਮਾ ਦੇ ਸਮਰਥਨ 'ਚ ਪੁੱਤਰ ਵੱਲੋਂ ਪੋਸਟ ਪਾਉਣ 'ਤੇ ਪਿਓ ਦਾ ਕਤਲ, ਸੜਕਾਂ 'ਤੇ ਪ੍ਰਦਰਸ਼ਨ

ਉਨ੍ਹਾਂ ਦੱਸਿਆ ਕਿ ਇਹ ਵੀ ਪਤਾ ਲੱਗਾ ਕਿ ਕਨ੍ਹਈਆ ਦੇ ਕਤਲ ਵਿਚ ਵਰਤੋਂ ਵਿਚ ਲਿਆਂਦਾ ਗਿਆ ਹਥਿਆ ਰਿਆਜ ਨੇ 4-5 ਸਾਲ ਪਹਿਲਾਂ ਬਣਾਇਆ ਸੀ। 15 ਜੂਨ ਨੂੰ ਕਨ੍ਹਈਆ ਲਾਲ ਨੇ ਥਾਣੇ ਵਿਚ ਅਰਜ਼ੀ ਦਿੱਤੀ ਸੀ ਕਿ 4-5 ਲੋਕ ਉਸ ਦਾ ਪਿੱਛਾ ਕਰ ਰਹੇ ਹਨ ਅਤੇ ਉਸ ਦੀ ਜਾਨ ਨੂੰ ਖਤਰਾ ਹੈ। ਥਾਣਾ ਮੁਖੀ ਸਥਿਤੀ ਦੀ ਗੰਭੀਰਤਾ ਦਾ ਮੁਲਾਂਕਣ ਕਰਨ ਵਿਚ ਅਸਫਲ ਰਹੇ। ਮਾਮਲੇ ਵਿਚ ਏ. ਐੱਸ. ਪੀ. ਨੂੰ ਮੰਗਲਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਬੁੱਧਵਾਰ ਨੂੰ ਥਾਣਾ ਮੁਖੀ ਨੂੰ ਮਾਮਲੇ ਵਿਚ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ। ਉਥੇ ਹੀ ਉਦੈਪੁਰ ਵਿਚ ਕਰਫਿਊ ਜਾਰੀ ਰਿਹਾ ਅਤੇ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਰਹੀਆਂ

ਉਦੈਪੁਰ ਦੀ ਵਾਰਦਾਤ ਕੋਈ ਮਾਮੂਲੀ ਘਟਨਾ ਨਹੀਂ : ਗਹਿਲੋਤ
ਓਧਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਉਦੈਪੁਰ ਦੀ ਘਟਨਾ ਕੋਈ ਮਾਮੂਲੀ ਵਾਰਦਾਤ ਨਹੀਂ ਹੈ ਅਤੇ ਕੌਮਾਂਤਰੀ ਜਾਂ ਰਾਸ਼ਟਰੀ ਪੱਧਰ ’ਤੇ ਉਨ੍ਹਾਂ ਦੇ (ਦੋਸ਼ੀਆਂ ਦੇ) ਕੁਝ ਸੰਬੰਧ ਨਾ ਹੋਣ ਅਜਿਹਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਇਸ ਵਾਰਦਾਤ ਦੀ ਜਾਂਚ ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਕਤਲ ਕੀਤਾ ਹੈ, ਉਨ੍ਹਾਂ ਦੀ ਕੀ ਸਾਜ਼ਿਸ਼ ਸੀ? ਕਿਸ ਨਾਲ ਉਨ੍ਹਾਂ ਦੇ ਸੰਪਰਕ ਹਨ, ਕੀ ਉਹ ਕਿਸੇ ਕੌਮੀ-ਕੌਮਾਂਤਰੀ ਏਜੰਸੀ ਦੇ ਸੰਪਰਕ ਵਿਚ ਹਨ, ਇਨ੍ਹਾਂ ਤਮਾਮ ਗੱਲਾਂ ਦਾ ਖੁਲਾਸਾ ਹੋਵੇਗਾ। ਅਸੀਂ ਇਸ ਲਈ ਐੱਸ. ਆਈ. ਟੀ. ਗਠਿਤ ਕੀਤੀ ਹੈ। ਐੱਸ. ਆਈ. ਟੀ. ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। 

ਕੀ ਹੈ ਪੂਰਾ ਮਾਮਲਾ- 
ਦੱਸ ਦੇਈਏ ਕਿ ਰਾਜਸਥਾਨ ਦੇ ਉਦੈਪੁਰ ਦੇ ਇਕ ਦਰਜੀ ਕਨ੍ਹਈਆ ਲਾਲ ਸਾਹੂ ਦਾ ਮੰਗਲਵਾਰ ਰਾਤ ਗਲ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਦੋਸ਼ੀਆਂ ਨੇ ਵੀਡੀਓ ਬਣਾ ਕੇ ਇਸ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਸੀ ਅਤੇ ਕਿਹਾ ਸੀ ਕਿ ਇਸਲਾਮ ਦੇ ਅਪਮਾਨ ਦਾ ਬਦਲਾ ਲੈਣ ਲਈ ਵਾਰਦਾਤ ਨੂੰ ਅੰਜ਼ਾਮ ਦਿੱਤਾ  ਗਿਆ ਹੈ। ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਦਰਜੀ ਕਨ੍ਹਈਆ ਲਾਲ ਦੇ 8 ਸਾਲਾ ਪੁੱਤਰ ਨੇ ਉਨ੍ਹਾਂ ਦੇ ਮੋਬਾਈਲ ਫੋਨ ਤੋਂ ਭਾਜਪਾ ਆਗੂ ਨੂਪੁਰ ਸ਼ਰਮਾ ਦੇ ਸਮਰਥਨ ’ਚ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਸੀ। ਇਸ ਤੋਂ ਗੁੱਸੇ ’ਚ ਆਏ ਦੋਸ਼ੀਆਂ ਨੇ ਉਸ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਨੂਪੁਰ ਨੇ ਹਾਲ ਹੀ ’ਚ ਪੈਗੰਬਰ ਮੁਹੰਮਦ ਖ਼ਿਲਾਫ ਇੰਤਰਾਜ਼ਯੋਗ ਟਿੱਪਣੀ ਕੀਤੀ ਸੀ। 


Tanu

Content Editor

Related News