ਤਬਲੀਗੀ ਜਮਾਤ : ਦਿੱਲੀ-ਮੁੰਬਈ ''ਚ 20 ਟਿਕਾਣਿਆਂ ''ਤੇ ਈ.ਡੀ. ਨੇ ਮਾਰੇ ਛਾਪੇ

08/19/2020 5:36:55 PM

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁੱਧਵਾਰ ਨੂੰ ਤਬਲੀਗੀ ਜਮਾਤ ਦੇ ਨੇਤਾ ਮੌਲਾਨਾ ਸਾਦ ਕਾਂਧਲਵੀ, ਜਮਾਤ ਨਾਲ ਜੁੜੇ ਟਰੱਸਟਾਂ ਅਤੇ ਹੋਰ ਲੋਕਾਂ ਵਿਰੁੱਧ ਦਰਜ ਧਨ ਸੋਧ ਦੇ ਇਕ ਮਾਮਲੇ 'ਚ ਕਈ ਸ਼ਹਿਰਾਂ 'ਚ ਤਲਾਸ਼ੀ ਲਈ। ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ, ਦਿੱਲੀ, ਹੈਦਰਾਬਾਦ ਅਤੇ ਹੋਰ ਕੁਝ ਥਾਂਵਾਂ 'ਤੇ ਸਬੂਤ ਇਕੱਠੇ ਕਰਨ ਲਈ 20 ਥਾਂਵਾਂ 'ਤੇ ਛਾਪੇਮਾਰੀ ਕੀਤੀ। ਈ.ਡੀ. ਨੇ ਕਿਹਾ ਕਿ ਧਨ ਸੋਧ ਰੋਕਥਾਮ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਕੇਂਦਰੀ ਜਾਂਚ ਏਜੰਸੀ ਨੇ ਇਸ ਮਾਮਲੇ 'ਚ ਦਿੱਲੀ ਪੁਲਸ ਦੀ ਇਕ ਸ਼ਿਕਾਇਤ 'ਤੇ ਨੋਟਿਸ ਲੈਣ ਤੋਂ ਬਾਅਦ ਮੌਲਾਨਾ ਸਾਦ ਅਤੇ ਹੋਰ ਵਿਰੁੱਧ ਅਪ੍ਰੈਲ 'ਚ ਧਨ ਸੋਧ ਦਾ ਮਾਮਲਾ ਦਰਜ ਕੀਤਾ ਸੀ। ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਵੱਡੀ ਗਿਣਤੀ 'ਚ ਲੋਕਾਂ ਦੇ ਜਮ੍ਹਾ ਹੋਣ ਵਿਰੁੱਧ ਆਦੇਸ਼ ਦਾ ਕਥਿਤ ਤੌਰ 'ਤੇ ਉਲੰਘਣ ਕਰਨ ਦੇ ਮਾਮਲੇ 'ਚ 31 ਮਾਰਚ ਨੂੰ ਮੌਲਾਨਾ ਸਮੇਤ 7 ਲੋਕਾਂ ਵਿਰੁੱਧ ਐੱਫ.ਆਈ.ਆਰ. ਦਰਜ ਕਰਵਾਈ ਸੀ। 

ਇਹ ਐੱਫ.ਆਈ.ਆਰ. ਨਿਜਾਮੁਦੀਨ ਥਾਣੇ ਦੇ ਇੰਚਾਰਜ ਦੀ ਸ਼ਿਕਾਇਤ 'ਤੇ ਦਰਜ ਕਰਵਾਈ ਗਈ ਸੀ। ਮੌਲਾਨਾ ਸਾਦ 'ਤੇ ਕੇਂਦਰ ਸਰਕਾਰ ਵਲੋਂ ਲਾਗੂ ਸਮਾਜਿਕ ਦੂਰੀ ਦੇ ਨਿਯਮਾਂ ਦਾ ਉਲੰਘਣ ਕਰਦੇ ਹੋਏ ਨਿਜਾਮੁਦੀਨ ਮਰਕਜ਼ 'ਚ ਮਾਰਚ ਮਹੀਨੇ 'ਚ ਧਾਰਮਿਕ ਸਮਾਗਮ ਆਯੋਜਿਤ ਕਰਨ ਦਾ ਦੋਸ਼ ਹੈ। ਬਾਅਦ 'ਚ ਈ.ਡੀ. ਨੇ ਮਾਮਲੇ ਨੂੰ ਸੰਭਾਲ ਲਿਆ ਅਤੇ ਉਹ ਮੌਲਾਨਾ ਸਾਦ ਅਤੇ ਤਬਲੀਗੀ ਜਮਾਤ ਦੇ ਕੁਝ ਹੋਰ ਅਹੁਦਾ ਅਧਿਕਾਰੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਕਥਿਤ ਧਨ ਸੋਧ ਦੇ ਦੋਸ਼ਾਂ ਅਤੇ ਉਨ੍ਹਾਂ ਦੇ ਨਿੱਜੀ ਵਿੱਤੀ ਲੈਣ-ਦੇਣ ਦੀ ਜਾਂਚ ਕਰ ਰਹੀ ਹੈ। ਤਬਲੀਗੀ ਜਮਾਤ ਨੂੰ ਕੁਝ ਵਿਦੇਸ਼ੀ ਅਤੇ ਘਰੇਲੂ ਸਰੋਤਾਂ ਤੋਂ ਪ੍ਰਾਪਤ ਚੰਦਾ ਵੀ ਏਜੰਸੀ ਦੀ ਜਾਂਚ ਦੇ ਦਾਇਰੇ 'ਚ ਹੈ।


DIsha

Content Editor

Related News