ਖੁਸ਼ਕ ਊਰਜਾ ਤੇ ਟਰਾਂਸਪੋਰਟ ਨੂੰ ਲੈ ਕੇ ਭਾਰਤ-ਸਵੀਡਨ 'ਚ ਅਹਿਮ ਸਮਝੌਤੇ

Wednesday, Apr 18, 2018 - 03:15 AM (IST)

ਸਟਾਕਹੋਮ,(ਏਜੰਸੀਆਂ)— ਖੁਸ਼ਕ ਊਰਜਾ ਤੇ ਟਰਾਂਸਪੋਰਟ ਨੂੰ ਲੈ ਕੇ ਭਾਰਤ ਅਤੇ ਸਵੀਡਨ ਦਰਮਿਆਨ ਅਹਿਮ ਸਮਝੌਤੇ ਹੋਏ ਹਨ। ਦੋਹਾਂ ਦੇਸ਼ਾਂ ਨੇ ਸਕਿਓਰਿਟੀ ਐਗਰੀਮੈਂਟ 'ਤੇ ਵੀ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਸੋਮਵਾਰ ਰਾਤ ਦੇਰ ਗਏ ਸਵੀਡਨ ਪੁੱਜੇ, ਨੇ ਮੰਗਲਵਾਰ ਆਪਣੇ ਦੌਰੇ ਦੀ ਬਾਕਾਇਦਾ ਸ਼ੁਰੂਆਤ ਕੀਤੀ। ਉਨ੍ਹਾਂ ਸਵੀਡਨ ਦੇ ਪ੍ਰਧਾਨ ਮੰਤਰੀ ਸਟੀਫਨ ਲਾਵੇਨ ਨਾਲ ਮੁਲਾਕਾਤ ਕੀਤੀ ਅਤੇ ਦੋਪਾਸੜ ਸਿਖਰ ਸੰਮੇਲਨ ਵਿਚ ਹਿੱਸਾ ਲਿਆ। ਇਸ ਪਿੱਛੋਂ ਖੁਸ਼ਕ ਊਰਜਾ ਅਤੇ ਟਰਾਂਸਪੋਰਟ ਸੰਬੰਧੀ ਸਮਝੌਤੇ 'ਤੇ ਹਸਤਾਖਰ ਕੀਤੇ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਕਿਹਾ ਕਿ ਭਾਰਤ ਦੇ 'ਮੇਕ ਇਨ ਇੰਡੀਆ' ਵਿਚ ਸਵੀਡਨ ਸ਼ੁਰੂ ਤੋਂ ਹੀ ਮਜ਼ਬੂਤ ਭਾਈਵਾਲ ਰਿਹਾ ਹੈ। 2016 ਵਿਚ ਮੁੰਬਈ ਵਿਚ ਸਾਡੇ 'ਮੇਕ ਇਨ ਇੰਡੀਆ' ਦੇ ਪ੍ਰੋਗਰਾਮ ਵਿਚ ਸਟੀਫਨ ਵੱਡੇ ਵਫਦ ਨਾਲ ਸ਼ਾਮਲ ਹੋਏ ਸਨ। ਸਾਡੀ ਅੱਜ ਦੀ ਗੱਲਬਾਤ ਦਾ ਮੁੱਖ ਥੀਮ ਵੀ ਇਹੀ ਸੀ ਕਿ ਭਾਰਤ ਦੇ ਵਿਕਾਸ ਨਾਲ ਬਣ ਰਹੇ ਮੌਕਿਆਂ 'ਤੇ ਸਵੀਡਨ ਕਿਸ ਤਰ੍ਹਾਂ ਭਾਰਤ ਨਾਲ 'ਵਿਨ-ਵਿਨ ਪਾਰਟਨਰਸ਼ਿਪ' ਕਰ ਸਕਦਾ ਹੈ। ਇਸ ਦੇ ਸਿੱਟੇ ਅਸੀਂ ਇਕ ਸਾਂਝੀ ਕਾਰਜ ਯੋਜਨਾ 'ਤੇ ਹਸਤਾਖਰ ਕਰ ਕੇ ਦਿਖਾਏ ਹਨ।
ਬਾਅਦ ਵਿਚ ਮੋਦੀ ਨੇ ਸਵੀਡਨ ਦੀਆਂ ਪ੍ਰਸਿੱਧ ਕੰਪਨੀਆਂ ਦੇ ਮੁਖੀਆਂ ਨਾਲ ਗੋਲਮੇਜ਼ ਗੱਲਬਾਤ ਵਿਚ ਹਿੱਸਾ ਲਿਆ। ਉਨ੍ਹਾਂ ਭਾਰਤ ਤੇ ਸਵੀਡਨ ਦਰਮਿਆਨ ਹੋਏ ਪਹਿਲੇ ਸੰਮੇਲਨ ਵਿਚ ਵੀ ਸ਼ਮੂਲੀਅਤ ਕੀਤੀ।


Related News