ਰਾਮਚਰਿਤਮਾਨਸ ਵਿਵਾਦ : ਸਵਾਮੀ ਪ੍ਰਸਾਦ ਸਮੇਤ 10 ’ਤੇ ਐੱਫ. ਆਈ. ਆਰ., 5 ਗ੍ਰਿਫਤਾਰ
Tuesday, Jan 31, 2023 - 11:30 AM (IST)
ਲਖਨਊ– ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਰਾਮਚਰਿਤਮਾਨਸ ਦੀਆਂ ਕਾਪੀਆਂ ਸਾੜਨ ਦੇ ਦੋਸ਼ ਹੇਠ ਸਮਾਜਵਾਦੀ ਪਾਰਟੀ (ਸਪਾ) ਜਨਰਲ ਸਕੱਤਰ ਸਵਾਮੀ ਪ੍ਰਸਾਦ ਮੌਰਿਆ ਸਮੇਤ 10 ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਐੱਫ. ਆਈ. ਆਰ. ਵਿਚ ਕੁਝ ਅਣਪਛਾਤੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਪੁਲਸ ਸੂਤਰਾਂ ਨੇ ਦੱਸਿਆ ਕਿ ਐਸ਼ਬਾਗ ਵਾਸੀ ਭਾਜਪਾ ਵਰਕਰ ਸਤਨਾਮ ਸਿੰਘ ਲਵੀ ਨੇ ਪੀ. ਜੀ. ਆਈ. ਥਾਣੇ ਵਿਚ ਸ਼ਿਕਾਇਤ ਦੇ ਕੇ ਸ਼ਿਕਾਇਤ ਕੀਤੀ ਹੈ ਕਿ ਦੇਵੇਂਦਰ ਪ੍ਰਤਾਪ ਯਾਦਵ, ਯਸ਼ਪਾਲ ਸਿੰਘ ਲੋਧੀ, ਸਤੇਂਦਰ ਕੁਸ਼ਵਾਹਾ, ਮਹਿੰਦਰ ਪ੍ਰਤਾਪ ਯਾਦਵ, ਸੁਜੀਤ ਯਾਦਵ, ਨਰੇਸ਼ ਸਿੰਘ, ਐੱਮ. ਐੱਸ. ਯਾਦਵ, ਸੰਤੋਸ਼ ਵਰਮਾ ਸਮੇਤ ਕੁਝ ਹੋਰਨਾਂ ਨੇ ਐਤਵਾਰ ਨੂੰ ਅਪਰਾਧਿਕ ਸਾਜ਼ਿਸ਼ ਤਹਿਤ ਰਿਹਾਇਸ਼ੀ ਵਿਕਾਸ ਆਫਿਸ ਸੈਕਟਰ 9 ਦੇ ਨੇੜੇ ਰਾਮਚਰਿਤਮਾਨਸ ਅਤੇ ਉਨ੍ਹਾਂ ਦੇ ਪੈਰੋਕਾਰਾਂ ’ਤੇ ਅਭੱਦਰ ਟਿੱਪਣੀ ਕੀਤੀ ਅਤੇ ਪਵਿੱਤਰ ਗ੍ਰੰਥ ਦੀਆਂ ਕਾਪੀਆਂ ਸਾੜ ਕੇ ਫਿਰਕੂ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ।
ਉੱਥੇ ਅਯੁੱਧਿਆ ਦੇ ਹਨੂੰਮਾਨਗੜ੍ਹੀ ਮੰਦਰ ਦੇ ਮਹੰਤ ਰਾਜੂ ਦਾਸ ਨੇ ਸੋਮਵਾਰ ਨੂੰ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਸਵਾਮੀ ਪ੍ਰਸਾਦ ਮੌਰਿਆ ਦਾ ਸਿਰ ਕਲਮ ਕਰਨ ਵਾਲੇ ਨੂੰ 21 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।