ਨੌਕਰਾਣੀ ਨੂੰ ਗਰਮ ਤਵੇ ਨਾਲ ਸਾੜਨ ਵਾਲੀ ਮੁਅੱਤਲ ਭਾਜਪਾ ਨੇਤਾ ਸੀਮਾ ਪਾਤਰਾ ਗ੍ਰਿਫ਼ਤਾਰ
Wednesday, Aug 31, 2022 - 04:46 PM (IST)
ਰਾਂਚੀ– ਆਪਣੀ ਨੌਕਰਾਣੀ ’ਤੇ ਕਥਿਤ ਰੂਪ ਨਾਲ ਤਸ਼ੱਦਦ ਕਰਨ ਨੂੰ ਲੈ ਕੇ ਸਾਬਕਾ ਆਈ.ਏ.ਐੱਸ. ਅਧਿਕਾਰੀ ਦੀ ਪਤਨੀ ਅਤੇ ਮੁਅੱਤਲ ਭਾਜਪਾ ਨੇਤਾ ਸੀਮਾ ਪਾਤਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਝਾਰਖੰਡ ਪੁਲਸ ਨੇ ਭਾਰਤੀ ਜਨਤਾ ਪਾਰਟੀ ਦੀ ਨੇਤਾ ਸੀਮਾ ਪਾਤਰਾ ਨੂੰ ਆਦਿਵਾਸੀ ਘਰੇਲੂ ਨੌਕਰਾਣੀ ਸੁਨੀਤਾ (29) ’ਤੇ ਤਸ਼ੱਦਦ ਕਰਨ ਦੇ ਦੋਸ਼ ’ਚ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪਾਤਰਾ, ਭਾਰਤੀ ਪ੍ਰਬੰਧਕੀ ਸੇਵਾ (ਆਈ.ਏ.ਐੱਸ.) ਦੇ ਇਕ ਰਿਟਾਇਰਡ ਅਧਿਕਾਰੀ ਦੀ ਪਤਨੀ ਹੈ।
ਸੁਨੀਤਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ ਜਿਸ ਵਿਚ ਉਹ ਆਪਬੀਤੀ ਸੁਣਾ ਰਹੀ ਸੀ। ਇਸ ਵੀਡੀਓ ਨੂੰ ਲੈ ਕੇ ਵਿਵਾਦ ਖੜ੍ਹਾ ਹੋਣ ਕਾਰਨ ਭਾਜਪਾ ਨੇ ਪਾਤਰਾ ਨੂੰ ਮੁਅੱਤਲ ਕਰ ਦਿੱਤਾ ਸੀ। ਸੂਤਰਾਂ ਨੇ ਦੱਸਿਆ ਕਿ ਇਕ ਸਰਕਾਰੀ ਕਰਮਚਾਰੀ ਤੋਂ ਮਿਲੀ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਰਾਂਚੀ ਪੁਲਸ ਨੇ ਪਿਛਲੇ ਹਫਤੇ ਮਹਿਲਾ ਨੂੰ ਪਾਤਰਾ ਦੇ ਘਰੋਂ ਛੁਡਵਾਇਆ ਸੀ ਅਤੇ ਮੰਲਵਾਰ ਨੂੰ ਇਕ ਮੈਜਿਸਟ੍ਰੇਟ ਦੇ ਸਾਹਮਣੇ ਘਰੇਲੂ ਨੌਕਰਾਣੀ ਦਾ ਬਿਆਨ ਦਰਜ ਕੀਤਾ ਸੀ।
ਪਾਤਰਾ ਨੇ ਕਥਿਤ ਤੌਰ ’ਤੇ ਮਹਿਲਾ ਨੂੰ ਰਾਂਚੀ ਦੇ ਅਸ਼ੋਕ ਨਗਰ ਇਲਾਕੇ ’ਚ ਆਪਣੇ ਘਰ ’ਚ ਕਈ ਸਾਲਾਂ ਤਕ ਬੰਦੀ ਬਣਾ ਕੇ ਰੱਖਿਆ ਸੀ। ਖਬਰਾਂ ਮੁਤਾਬਕ, ਸੀਮਾ ਪਾਤਰਾ ਉਸਨੂੰ ਕਈ ਦਿਨਾਂ ਤਕ ਭੁੱਖਾ-ਪਿਆਸਾ ਰੱਖਦੀ ਸੀ, ਉਸਨੂੰ ਕਈ ਵਾਰ ਗਰਮ ਤਲੇ ਨਾਲ ਸਾੜਿਆ ਗਿਆ। ਉਸਨੂੰ ਕਥਿਤ ਰੂਪ ਨਾਲ ਲੋਹੇ ਦੀ ਰਾਡ ਮਾਰਕੇ ਉਸਦੇ ਦੰਦ ਤੋੜ ਦਿੱਤੇ। ਕਮਿਸ਼ਨ ਦੇ ਇਕ ਬਿਆਨ ਮੁਤਾਬਕ, ਐੱਨ.ਸੀ.ਡਬਲਯੂ. ਪ੍ਰਧਾਨ ਰੇਖਾ ਸ਼ਰਮਾ ਨੇ ਝਾਰਖੰਡ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਚਿੱਠੀ ਲਿਖੀ ਸੀ ਕਿ ਦੋਸ਼ ਸਹੀ ਪਾਏ ਜਾਣ ’ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ।