ਗਿਆਨਵਾਪੀ ਮਸਜਿਦ ’ਚ ਸਰਵੇ ਦਾ ਕੰਮ ਪੂਰਾ, ਹਿੰਦੂ ਪੱਖ ਨੇ ਸ਼ਿਵਲਿੰਗ ਮਿਲਣ ਦਾ ਕੀਤਾ ਦਾਅਵਾ
Monday, May 16, 2022 - 03:07 PM (IST)
ਵਾਰਾਣਸੀ– ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ’ਚ ਸੋਮਵਾਰ ਨੂੰ ਤੀਜੇ ਦਿਨ ਸਖ਼ਤ ਸੁਰੱਖਿਆ ਦਰਮਿਆਨ ਗਿਆਨਵਾਪੀ ਮਸਜਿਦ ਕੰਪਲੈਕਸ ’ਚ ਸਰਵੇ-ਵੀਡੀਓਗ੍ਰਾਫ਼ੀ ਦਾ ਕੰਮ ਪੂਰਾ ਹੋ ਗਿਆ। ਅਧਿਕਾਰੀਆਂ ਮੁਤਾਬਕ ਹਿੰਦੂ ਪੱਖ ਦੇ ਵਕੀਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਵੇ ਟੀਮ ਨੂੰ ਕੰਪਲੈਕਸ ਅੰਦਰ ਨੰਦੀ (ਭਗਵਾਨ ਸ਼ਿਵ ਦੀ ਸਵਾਰੀ) ਦੀ ਇਕ ਮੂਰਤੀ ਅਤੇ ਇਕ ਸ਼ਿਵਲਿੰਗ ਮਿਲਿਆ ਹੈ। ਇਸ ਤੋਂ ਪਹਿਲਾਂ ਵਾਰਾਣਸੀ ਦੇ ਜ਼ਿਲ੍ਹਾ ਅਧਿਕਾਰੀ ਕੌਸ਼ਲ ਰਾਜ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੋਮਵਾਰ ਨੂੰ 2 ਘੰਟੇ 15 ਮਿੰਟ ਤੋਂ ਵੱਧ ਸਮੇਂ ਤੱਕ ਸਰਵੇ ਕਰਨ ਮਗਰੋਂ ਅਦਾਲਤ ਵਲੋਂ ਗਠਿਤ ਕਮਿਸ਼ਨ ਨੇ ਸਵੇਰੇ ਕਰੀਬ 10.15 ਵਜੇ ਆਪਣਾ ਕੰਮ ਖ਼ਤਮ ਕਰ ਦਿੱਤਾ। ਸਰਵੇ ਕੰਮ ਤੋਂ ਸਾਰੇ ਪੱਖ ਸੰਤੁਸ਼ਟ ਸਨ।
ਜ਼ਿਕਰਯੋਗ ਹੈ ਕਿ ਗਿਆਨਵਾਪੀ ਮਸਜਿਦ ਕਾਸ਼ੀ ਵਿਸ਼ਵਨਾਥ ਮੰਦਰ ਦੇ ਨੇੜੇ ਸਥਿਤ ਹੈ। ਸਥਾਨਕ ਅਦਾਲਤ ਔਰਤਾਂ ਦੇ ਇਕ ਸਮੂਹ ਵਲੋਂ ਇਸ ਦੀਆਂ ਬਾਹਰੀ ਕੰਧਾਂ ’ਤੇ ਮੂਰਤੀਆਂ ਦੇ ਸਾਹਮਣੇ ਰੋਜ਼ਾਨਾ ਪ੍ਰਾਰਥਨਾ ਦੀ ਆਗਿਆ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਹੈ। ਹਿੰਦੂ ਪੱਖ ਦੇ ਵਕੀਲ ਮਦਨ ਮੋਹਨ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਦਾਅਵਾ ਕੀਤਾ ਕਿ ਸਰਵੇ ਟੀਮ ਨੂੰ ਗਿਆਨਵਾਪੀ ਮਸਜਿਦ ਕੰਪਲੈਕਸ ’ਚ ਨੰਦੀ ਦੀ ਮੂਰਤੀ ਦੇ ਸਾਹਮਣੇ ਵਜੂ ਖਾਨੇ (ਮਸਜਿਦ ਦੇ ਅੰਦਰ ਉਹ ਥਾਂ, ਜਿੱਥੇ ਲੋਕ ਨਮਾਜ਼ ਪੜ੍ਹਨ ਤੋਂ ਪਹਿਲਾਂ ਹੱਥ, ਪੈਰ ਅਤੇ ਮੂੰਹ ਧੋਂਦੇ ਹਨ) ਕੋਲ ਸ਼ਿਵਲਿੰਗ ਮਿਲਿਆ ਹੈ।
ਵਕੀਲ ਯਾਦਵ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਅਤੇ ਸੀਨੀਅਰ ਵਕੀਲ ਹਰੀਸ਼ੰਕਰ ਜੈਨ ਨੇ ਸ਼ਿਵਲਿੰਗ ਨੂੰ ਸੁਰੱਖਿਅਤ ਸਥਿਤੀ ’ਚ ਰੱਖਣ ਲਈ ਸਿਵਲ ਜੱਜ ਰਵੀ ਕੁਮਾਰ ਦੀ ਅਦਾਲਤ ’ਚ ਇਕ ਅਰਜ਼ੀ ਦਾਇਰ ਕੀਤੀ ਹੈ। ਹਿੰਦੂ ਪੱਖ ਦੇ ਪੈਰੋਕਾਰ ਸੋਹਨਲਾਲ ਆਰੀਆ ਨੇ ਵੀ ਦਾਅਵਾ ਕੀਤਾ ਕਿ ਸਰਵੇ ਦੌਰਾਨ ‘ਬਾਬਾ’ ਮਿਲ ਗਏ ਹਨ। ਉਨ੍ਹਾਂ ਨੇ ਕਿਹਾ ਕਿ ਗੁੰਬਦ, ਕੰਧ ਅਤੇ ਫਰਸ਼ ਦੇ ਸਰਵੇ ਦੌਰਾਨ ਕਈ ਸਬੂਤ ਦੱਬੇ ਹੋਏ ਨਜ਼ਰ ਆਏ। ਹਿੰਦੂ ਪੱਖ ਦੇ ਇਕ ਪ੍ਰਤੀਨਿਧੀ ਪੈਰੋਕਾਰ ਦੇ ‘ਬਾਬਾ’ ਮਿਲਣ ਸਬੰਧੀ ਦਾਅਵੇ ’ਤੇ ਜ਼ਿਲ੍ਹਾ ਅਧਿਕਾਰੀ ਨੇ ਕਿਹਾ, ‘‘ਸਾਰੇ ਪੱਖਾਂ ਨੂੰ ਨਿਰਦੇਸ਼ ਦਿੱਤਾ ਹੈ ਕਿ 17 ਮਈ ਨੂੰ ਅਦਾਲਤ ’ਚ ਰਿਪੋਰਟ ਪੇਸ਼ ਕੀਤੇ ਜਾਣ ਤੱਕ ਕਿਸੇ ਨੂੰ ਵੀ ਇਸ ਗੱਲ ਨੂੰ ਲੈ ਕੇ ਕੋਈ ਜਾਣਕਾਰੀ ਜਨਤਕ ਨਹੀਂ ਕਰਨੀ ਚਾਹੀਦੀ ਕਿ ਮਸਜਿਦ ਕੰਪਲੈਕਸ ’ਚ ਕੀ-ਕੀ ਮਿਲਿਆ। ਹਾਲਾਂਕਿ ਜੇਕਰ ਕੋਈ ਖ਼ੁਦ ਅਜਿਹੇ ਦਾਅਵੇ ਕਰ ਰਿਹਾ ਹੈ ਤਾਂ ਇਸ ਦੇ ਦਾਅਵੇ ਸਾਬਤ ਨਹੀਂ ਕੀਤੇ ਜਾ ਸਕਦੇ।