ਤਾਜ ਮਹੱਲ ਬਾਰੇ ਸੁਪਰੀਮ ਕੋਰਟ ਨੇ ਵਕਫ ਬੋਰਡ ਕੋਲੋਂ ਸ਼ਾਹਜਹਾਂ ਦੇ ਹਸਤਾਖਰ ਵਾਲੇ ਮੰਗੇ ਦਸਤਾਵੇਜ਼
Friday, Apr 13, 2018 - 03:05 AM (IST)
ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੇ ਸੁੰਨੀ ਵਕਫ ਬੋਰਡ ਨੂੰ ਕਿਹਾ ਹੈ ਕਿ ਉਹ ਤਾਜ ਮਹੱਲ 'ਤੇ ਆਪਣਾ ਮਾਲਿਕਾਨਾ ਹੱਕ ਸਾਬਿਤ ਕਰਨ ਲਈ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਹਸਤਾਖਰਾਂ ਵਾਲੇ ਦਸਤਾਵੇਜ਼ ਦਿਖਾਏ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ. ਐੱਮ. ਖਾਨਵਿਲਕਰ ਅਤੇ ਧਨੰਜੈ ਵਾਈ . ਚੰਦਰਚੂੜ 'ਤੇ ਆਧਾਰਿਤ 3 ਮੈਂਬਰੀ ਬੈਂਚ ਨੇ ਵਕਫ ਬੋਰਡ ਦੇ ਵਕੀਲ ਨੂੰ ਕਿਹਾ ਕਿ ਮੁਮਤਾਜ਼ ਮਹੱਲ ਦੀ ਯਾਦ 'ਚ 1631 ਵਿਚ ਤਾਜ ਮਹੱਲ ਬਣਵਾਉਣ ਵਾਲੇ ਸ਼ਾਹਜਹਾਂ ਨੇ ਬੋਰਡ ਦੇ ਹੱਕ ਵਿਚ ਵਕਫਨਾਮਾ ਦਿੱਤਾ ਸੀ। ਜੇ ਇੰਝ ਹੈ ਤਾਂ ਇਸ ਦਾਅਵੇ ਦੇ ਦਸਤਾਵੇਜ਼ ਦਿਖਾਏ ਜਾਣ।
ਦੱਸਣਯੋਗ ਹੈ ਕਿ ਵਕਫਨਾਮਾ ਇਕ ਅਜਿਹਾ ਦਸਤਾਵੇਜ਼ ਹੈ, ਜਿਸ ਰਾਹੀਂ ਕੋਈ ਵਿਅਕਤੀ ਆਪਣੀ ਜਾਇਦਾਦ ਅਤੇ ਜ਼ਮੀਨ ਸਬੰਧੀ ਕੰਮਾਂ ਜਾਂ ਵਕਫ ਲਈ ਦਾਨ ਦੇਣ ਦੀ ਇੱਛਾ ਪ੍ਰਗਟ ਕਰਦਾ ਹੈ। ਮਾਣਯੋਗ ਜੱਜਾਂ ਨੇ ਕਿਹਾ ਕਿ ਭਾਰਤ ਵਿਚ ਕੌਣ ਇਸ ਗੱਲ 'ਤੇ ਭਰੋਸਾ ਕਰੇਗਾ ਕਿ ਤਾਜ ਮਹੱਲ ਵਕਫ ਬੋਰਡ ਦਾ ਹੈ? ਬੈਂਚ ਨੇ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਵਕਫ ਬੋਰਡ ਦੇ ਵਕੀਲ ਨੇ ਜਦੋਂ ਕਿਹਾ ਕਿ ਸ਼ਾਹਜਹਾਂ ਨੇ ਖੁਦ ਇਸ ਨੂੰ ਵਕਫ ਦੀ ਜਾਇਦਾਦ ਐਲਾਨਿਆ ਸੀ ਤਾਂ ਬੈਂਚ ਨੇ ਬੋਰਡ ਨੂੰ ਕਿਹਾ ਕਿ ਸ਼ਾਹਜਹਾਂ ਵਲੋਂ ਹਸਤਾਖਰ ਕੀਤਾ ਗਿਆ ਅਸਲ ਵਕਫਨਾਮਾ ਦਿਖਾਇਆ ਜਾਏ।
