ਸੁਪਰੀਮ ਕੋਰਟ ਦੇ ਸਾਬਕਾ ਜੱਜ ਏ.ਆਰ. ਲਕਸ਼ਮਣ ਦਾ ਦਿਹਾਂਤ

Thursday, Aug 27, 2020 - 02:18 PM (IST)

ਸੁਪਰੀਮ ਕੋਰਟ ਦੇ ਸਾਬਕਾ ਜੱਜ ਏ.ਆਰ. ਲਕਸ਼ਮਣ ਦਾ ਦਿਹਾਂਤ

ਤਿਰੂਚਿਰਾਪੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਏ.ਆਰ. ਲਕਸ਼ਮਣ ਦਾ ਵੀਰਵਾਰ ਸਵੇਰੇ ਇੱਥੇ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ। ਉਹ 78 ਸਾਲ ਦੇ ਸਨ। ਜੱਜ ਲਕਸ਼ਮਣ ਇਕ ਨਿੱਜੀ ਹਸਪਤਾਲ 'ਚ ਇਲਾਜ ਕਰਵਾ ਰਹੇ ਸਨ। ਉਨ੍ਹਾਂ ਦੇ ਪਰਿਵਾਰ 'ਚ 2 ਬੇਟੇ ਅਤੇ 2 ਧੀਆਂ ਹਨ। ਉਨ੍ਹਾਂ ਦੀ ਪਤਨੀ ਮੀਨਾਕਸ਼ੀ ਅੱਚੀ ਦਾ ਸ਼ਿਵਗੰਗਾ ਜ਼ਿਲ੍ਹੇ ਦੇ ਕਰਾਈਕੁਡੀ 'ਚ 2 ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਇਕ ਬੇਟੇ ਏ.ਆਰ.ਐੱਲ. ਸੁੰਦਰੇਸ਼ਨ ਮਦਰਾਸ ਹਾਈ ਕੋਰਟ 'ਚ ਸੀਨੀਅਰ ਐਡਵੋਕੇਟ ਹਨ। ਜੱਜ ਲਕਸ਼ਮਣ ਦਾ ਜਨਮ ਸ਼ਿਵਗੰਗਾ ਜ਼ਿਲ੍ਹੇ ਦੇਵਕੋਟਾਈ 'ਚ ਸਾਲ 1942 'ਚ ਹੋਇਆ। ਉਨ੍ਹਾਂ ਨੇ ਤਿਰੂਚਿਰਾਪੱਲੀ 'ਚ ਸੇਂਟ ਜੋਸੇਫ ਕਾਲਜ ਤੋਂ ਗਰੈਜੂਏਸ਼ਨ ਕੀਤੀ ਸੀ ਅਤੇ ਮਦਰਾਸ ਲਾਅ ਕਾਲਜ ਤੋਂ 1966 'ਚ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਸੀ। ਜੱਜ ਲਕਸ਼ਮਣ ਨੇ 20 ਦਸੰਬਰ 2002 ਤੋਂ 21 ਮਾਰਚ 2007 ਤੱਕ ਸੁਪਰੀਮ ਕੋਰਟ 'ਚ ਆਪਣੀਆਂ ਸੇਵਾਵਾਂ ਦਿੱਤੀਆਂ। 

ਇਸ ਤੋਂ ਪਹਿਲਾਂ ਜੱਜ ਲਕਸ਼ਮਣ ਮਦਰਾਸ ਹਾਈ ਕੋਰਟ ਅਤੇ ਕੇਰਲ ਹਾਈ ਕੋਰਟ 'ਚ ਜੱਜ ਰਹੇ ਸਨ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਅਤੇ ਰਾਜਸਥਾਨ 'ਚ ਵੀ ਮੁੱਖ ਜੱਜ ਦੇ ਰੂਪ 'ਚ ਆਪਣੀ ਸੇਵਾ ਦਿੱਤੀ ਸੀ। ਸੁਪਰੀਮ ਕੋਰਟ ਤੋਂ ਰਿਟਾਇਰਡ ਹੋਣ ਤੋਂ ਬਾਅਦ ਉਹ ਦੇਸ਼ ਦੇ 18ਵੇਂ ਕਾਨੂੰਨ ਕਮਿਸ਼ਨ ਦੇ ਪ੍ਰਧਾਨ ਰਹੇ ਅਤੇ ਦੇਸ਼ ਦੀ ਨਿਆਇਕ ਪ੍ਰਣਾਲੀ 'ਚ ਸੁਧਾਰ ਬਾਰੇ ਇਕ ਸਾਲ 'ਚ ਉਨ੍ਹਾਂ ਨੇ ਸਰਕਾਰ ਨੂੰ 32 ਰਿਪੋਰਟ ਸੌਂਪੀ। ਜੱਜ ਲਕਸ਼ਮਣ ਨੇ ਆਪਣੀ ਇਕ ਰਿਪੋਰਟ 'ਚ ਚੇਨਈ ਸਮੇਤ ਦੇਸ਼ ਦੇ ਚਾਰ ਖੇਤਰਾਂ 'ਚ ਸਰਵਉੱਚ ਅਦਾਲਤ ਦੇ ਖੇਤਰੀ ਬੈਚਾਂ ਦੀ ਸਥਾਪਨਾ ਦੀ ਵੀ ਸਿਫ਼ਾਰਿਸ਼ ਕੀਤੀ ਸੀ। ਉਹ ਮੌਜੂਦਾ ਸਮੇਂ 'ਚ ਸੁਪਰੀਮ ਕੋਰਟ ਵਲੋਂ ਨਿਯੁਕਤ ਮੁੱਲਾ ਪੇਰੀਆਰ ਪੈਨਲ 'ਚ ਤਾਮਿਲਨਾਡੂ ਦੇ ਮੌਜੂਦਾ ਪ੍ਰਤੀਨਿਧੀ ਸਨ। ਜੱਜ ਲਕਸ਼ਮਣ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਸਥਾਨ ਦੇਵਕੋਟਾਈ 'ਚ ਕੀਤਾ ਜਾਵੇਗਾ। ਸਾਬਕਾ ਵਿੱਤੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦਾਂਬਰਮ ਸਮੇਤ ਵੱਖ-ਵੱਖ ਸਿਆਸੀ ਦਲਾਂ ਦੇ ਨੇਤਾਵਾਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ।


author

DIsha

Content Editor

Related News