SC ਨੇ ਚੀਫ ਜਸਟਿਸ ਵਿਰੁੱਧ ਯੌਨ ਉਤਪੀੜਨ ਮਾਮਲੇ ''ਚ ਵਕੀਲ ਬੈਂਸ ਨੂੰ ਕੀਤਾ ਨੋਟਿਸ ਜਾਰੀ
Tuesday, Apr 23, 2019 - 12:35 PM (IST)

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਚੀਫ ਜਸਟਿਸ ਰੰਜਨ ਗੋਗੋਈ ਵਿਰੁੱਧ ਯੌਨ ਉਤਪੀੜਨ ਦੋਸ਼ ਦੇ ਮਾਮਲੇ 'ਚ ਖੁਦ ਨੋਟਿਸ ਲੈਂਦੇ ਹੋਏ ਵਕੀਲ ਉਤਸਵ ਬੈਂਸ ਨੂੰ ਨੋਟਿਸ ਜਾਰੀ ਕੀਤਾ। ਜੱਜ ਅਰੁਣ ਮਿਸ਼ਰਾ, ਰੋਹਿੰਟਨ ਨਰੀਮਨ ਅਤੇ ਦੀਪਕ ਗੁਪਤਾ ਦੀ ਨਵ ਗਠਿਤ ਬੈਂਚ ਨੇ ਵਕੀਲ ਬੈਂਸ ਨੂੰ ਨੋਟਿਸ ਜਾਰੀ ਕੀਤਾ। ਐਡਵੋਕੇਟ ਬੈਂਸ ਨੇ ਸੁਪਰੀਮ ਕੋਰਟ 'ਚ ਇਕ ਹਲਫਨਾਮਾ ਦਾਇਰ ਕਰ ਕੇ ਦਾਅਵਾ ਕੀਤਾ ਸੀ ਕਿ ਚੀਫ ਜਸਟਿਸ ਨੂੰ ਝੂਠੇ ਮਾਮਲੇ 'ਚ ਫਸਾ ਕੇ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਮਜ਼ਬੂਰ ਕਰਨ ਦੇ ਮਕਸਦ ਨਾਲ ਯੋਜਨਾ ਬਣਾਈ ਗਈ ਸੀ। ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਯਾਨੀ 24 ਅਪ੍ਰੈਲ ਨੂੰ ਹੋਵੇਗੀ। ਸੁਪਰੀਮ ਕੋਰਟ ਨੇ ਨੋਟਿਸ 'ਚ ਐਡਵੋਕੇਟ ਤੋਂ ਹਲਫਨਾਮੇ ਦੇ ਪੈਰਾ 17 ਅਤੇ 20 ਦਾ ਵੇਰਵਾ ਦੇਣ ਅਤੇ ਇਸ ਸੰਬੰਧ 'ਚ ਸਬੂਤ ਪੇਸ਼ ਕਰਨ ਲਈ ਕਿਹਾ ਹੈ। ਬੈਂਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਸੁਪਰੀਮ ਕੋਰਟ ਦੀ ਸਾਬਕਾ ਮਹਿਲਾ ਕਰਮਚਾਰੀ ਦਾ ਪ੍ਰਤੀਨਿਧੀਤੱਵ ਕਰਨ ਲਈ ਅਤੇ ਇੱਥੇ ਪ੍ਰੈੱਸ ਕਲੱਬ ਆਫ ਇੰਡੀਆ 'ਚ ਪੱਤਰਕਾਰ ਸੰਮੇਲਨ ਦਾ ਆਯੋਜਨ ਕਰਨ ਵਾਲੇ ਵਿਅਕਤੀ ਦਾ ਇੰਤਜ਼ਾਮ ਕਰਨ ਲਈ ਡੇਢ ਕਰੋੜ ਰੁਪਏ ਦੀ ਪੇਸ਼ ਕੀਤੀ ਗਈ ਸੀ।
ਸ਼ਨੀਵਾਰ ਨੂੰ ਚੀਫ ਜਸਟਿਸ 'ਤੇ ਦੋਸ਼ ਲੱਗਣ ਤੋਂ ਬਾਅਦ ਇਕ ਵਿਸ਼ੇਸ਼ ਬੈਂਚ ਇਸ ਮਾਮਲੇ ਨੂੰ ਤੁਰੰਤ ਦੇਖਣ ਲਈ ਗਠਿਤ ਕੀਤੀ ਗਈ। ਵਿਸ਼ੇਸ਼ ਬੈਂਚ 'ਚ ਚੀਫ ਜਸਟਿਸ ਗੋਗੋਈ ਨਾਲ ਜੱਜ ਅਰੁਣ ਮਿਸ਼ਰਾ ਅਤੇ ਸੰਜੀਵ ਖੰਨਾ ਨੂੰ ਸ਼ਾਮਲ ਕੀਤਾ ਗਿਆ ਸੀ, ਹਾਲਾਂਕਿ ਜਦੋਂ ਬੈਂਚ ਨੇ ਉਸ ਦਿਨ ਆਦੇਸ਼ ਪਾਸ ਕੀਤਾ ਅਤੇ ਉਸ ਨੂੰ ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਪਾਇਆ ਤਾਂ ਮੁੱਖ ਜੱਜ ਰੰਜਨ ਗੋਗੋਈ ਦਾ ਨਾਂ ਆਦੇਸ਼ 'ਚ ਨਜ਼ਰ ਨਹੀਂ ਆਇਆ। ਹੁਣ ਇਸ ਮਾਮਲੇ ਦੀ ਸੁਣਵਾਈ ਨਵੀਂ ਬੈਂਚ ਕਰ ਰਹੀ ਹੈ, ਜਿਸ 'ਚ ਜੱਜ ਮਿਸ਼ਰਾ, ਨਰੀਮਨ ਅਤੇ ਗੁਪਤਾ ਸ਼ਾਮਲ ਹਨ। ਚੀਫ ਜਸਟਿਸ 'ਤੇ ਸੁਪਰੀਮ ਕੋਰਟ 'ਚ ਕੰਮ ਕਰਨ ਵਾਲੀ ਇਕ ਸਾਬਕਾ ਅਧਿਕਾਰੀ ਜੋ ਸਹਾਇਕ ਦੇ ਅਹੁਦੇ 'ਤੇ ਤਾਇਨਾਤ ਸੀ ਯੌਨ ਉਤਪੀੜਨ ਦਾ ਦੋਸ਼ ਲਗਾਇਆ ਹੈ। ਉਸ ਨੇ ਸੁਪਰੀਮ ਕੋਰਟ 'ਚ ਦਾਖਲ ਹਲਫਨਾਮੇ 'ਚ ਕਿਹਾ ਹੈ ਕਿ ਯੌਨ ਉਤਪੀੜਨ ਮਾਮਲੇ ਕਾਰਨ ਉਸ ਨੂੰ ਅਹੁਦੇ ਤੋਂ ਅਚਾਨਕ ਮੁਅੱਤਲ ਕਰ ਦਿੱਤਾ ਗਿਆ।