ਗਰਮੀ ਨੇ ਕੀਤਾ ਜਾਨਵਰਾਂ ਦਾ ਬੁਰਾ ਹਾਲ, ਮੱਧ ਪ੍ਰਦੇਸ਼ ਦੇ ਜੰਗਲ ''ਚ 9 ਬਾਂਦਰਾਂ ਦੀ ਮੌਤ

06/08/2019 5:18:53 PM

ਭੋਪਾਲ— ਮੱਧ ਪ੍ਰਦੇਸ਼ ਦੇ ਦੇਵਾਸ 'ਚ ਗਰਮੀ ਨੇ ਬਾਂਦਰਾਂ ਦਾ ਵੀ ਜਿਉਂਣਾ ਮੁਸ਼ਕਲ ਕਰ ਦਿੱਤਾ ਹੈ। ਇੱਥੇ ਦੇਵਾਸ ਦੇ ਪੁੰਜਾਪੁਰਾ ਰੇਂਜ ਦੇ ਜੰਗਲ 'ਚ ਪਿਛਲੇ 5-6 ਦਿਨਾਂ ਤੋਂ ਜ਼ਿਆਦਾ ਗਰਮੀ ਪੈਣ ਕਾਰਨ 9 ਬਾਂਦਰਾਂ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਦੇਵਾਸ ਦੇ ਡੀ.ਐੱਫ.ਓ. ਪੀ.ਐੱਨ. ਮਿਸ਼ਰਾ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਟੀਮ ਨੂੰ ਦੇਵਾਸ ਦੇ ਜੰਗਲਾਤ ਖੇਤਰ 'ਚ ਬਾਂਦਰਾਂ ਦੀਆਂ 9 ਲਾਸ਼ਾਂ ਮਿਲੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਬਾਂਦਰਾਂ ਦੀ ਮੌਤ ਲੂ ਲੱਗਣ ਤੋਂ ਬਾਅਦ ਕਈ ਅੰਗਾਂ ਦੇ ਕੰਮ ਬੰਦ ਕਰ ਦੇਣ ਕਾਰਨ ਹੋਈ ਹੈ।''

ਉੱਥੇ ਹੀ ਮੱਧ ਪ੍ਰਦੇਸ਼ ਦਾ ਹੋਸ਼ੰਗਾਬਾਦ ਸ਼ੁੱਕਰਵਾਰ ਨੂੰ ਸਭ ਤੋਂ ਗਰਮ ਰਿਹਾ। ਇੱਥੇ ਤਾਪਮਾਨ 46.8 ਡਿਗਰੀ ਸੈਲਸੀਅਸ ਪਹੁੰਚ ਗਿਆ, ਜਦੋਂ ਕਿ ਰਾਜਸਥਾਨ ਦੇ ਚੁਰੂ 'ਚ ਪਾਰਾ 46.6 ਡਿਗਰੀ ਦਰਜ ਕੀਤਾ ਗਿਆ। ਬੀਤੇ ਦਿਨਾਂ ਤੋਂ ਇੱਥੇ ਤਾਪਮਾਨ 50 ਡਿਗਰੀ ਨੂੰ ਪਾਰ ਕਰ ਗਿਆ ਸੀ। ਰਾਜਸਥਾਨ ਦੇ ਬਾੜਮੇਰ, ਕੋਟਾ ਅਤੇ ਬੀਕਾਨੇਰ 'ਚ ਵੀ ਤਾਪਮਾਨ 46 ਡਿਗਰੀ ਦੇ ਕਰੀਬ ਰਿਹਾ। ਪੰਜਾਬ ਅਤੇ ਹਰਿਆਣਾ 'ਚ ਵੀ ਗਰਮੀ ਦਾ ਕਹਿਰ ਜਾਰੀ ਰਿਹਾ। ਹਰਿਆਣਾ ਦੇ ਹਿਸਾਰ 'ਚ ਸ਼ੁੱਕਰਵਾਰ ਨੂੰ ਪਾਰਾ 43 ਡਿਗਰੀ ਪਹੁੰਚ ਗਿਆ। ਹਿਮਾਚਲ 'ਚ ਵੀ ਤਾਪਮਾਨ 'ਚ ਇਕ ਤੋਂ 2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਊਨਾ 'ਚ ਸ਼ੁੱਕਰਵਾਰ ਨੂੰ ਵਧ ਤੋਂ ਵਧ ਤਾਪਮਾਨ 43.4 ਡਿਗਰੀ ਦਰਜ ਕੀਤਾ ਗਿਆ।


DIsha

Content Editor

Related News