ਸੁੱਖਾਂ ਕਾਹਲਵਾਂ ਵਾਂਗ ਪੇਸ਼ੀ ''ਤੇ ਜਾਂਦੇ ਗੈਂਗਸਟਰ ''ਤੇ ਅੰਨ੍ਹੇਵਾਹ ਫਾਇਰਿੰਗ, ਪੁਲਸ ਵਾਲਿਆਂ ਦੇ ਵੀ ਵੱਜੀਆਂ ਗੋਲੀਆਂ

Wednesday, Dec 24, 2025 - 05:43 PM (IST)

ਸੁੱਖਾਂ ਕਾਹਲਵਾਂ ਵਾਂਗ ਪੇਸ਼ੀ ''ਤੇ ਜਾਂਦੇ ਗੈਂਗਸਟਰ ''ਤੇ ਅੰਨ੍ਹੇਵਾਹ ਫਾਇਰਿੰਗ, ਪੁਲਸ ਵਾਲਿਆਂ ਦੇ ਵੀ ਵੱਜੀਆਂ ਗੋਲੀਆਂ

ਹਰਿਦੁਆਰ- ਪੰਜਾਬ 'ਚ ਨਾਮੀ ਸੁੱਖਾਂ ਕਾਹਲਵਾਂ ਦਾ ਪੇਸ਼ੀ 'ਤੇ ਜਾਂਦੇ ਹੋਏ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਉਸੇ ਤਰ੍ਹਾਂ ਦਾ ਇਕ ਮਾਮਲਾ ਅੱਜ ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ 'ਚ ਵੀ ਸਾਹਮਣੇ ਆਇਆ ਹੈ। ਇੱਥੇ ਵੀ ਪੇਸ਼ੀ 'ਤੇ ਜਾਣ ਵੇਲੇ ਨਾਮੀ ਗੈਂਗਸਟਰ ਨੂੰ ਠੀਕ ਸੁੱਖਾਂ ਕਾਹਲਵਾਂ ਵਾਂਗ ਨਿਸ਼ਾਨਾ ਬਣਾਇਆ ਗਿਆ। ਗੈਂਗਸਟਰ ਵਿਨੇ ਤਿਆਗੀ ਨੂੰ ਪੁਲਸ ਦੀ ਟੀਮ ਨਾਲ ਪੇਸ਼ੀ ਲਿਜਾਣ ਵਾਲੇ ਰਾਹ ਵਿਚ ਘੇਰ ਲਿਆ ਗਿਆ, ਉਸ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਹਾਲਾਂਕਿ ਉਹ ਇਸ ਫਾਇਰਿੰਗ 'ਚ ਬਚ ਗਿਆ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਦੱਸਣਯੋਗ ਹੈ ਕਿ ਹਰਿਦੁਆਰ ਜ਼ਿਲ੍ਹੇ ਦੇ ਲਕਸਰ ਇਲਾਕੇ 'ਚ ਉਸ ਸਮੇਂ ਭਾਰੀ ਦਹਿਸ਼ਤ ਫੈਲ ਗਈ, ਜਦੋਂ ਰੁੜਕੀ ਜੇਲ੍ਹ ਤੋਂ ਅਦਾਲਤ 'ਚ ਪੇਸ਼ੀ ਲਈ ਲਿਜਾਏ ਜਾ ਰਹੇ ਖ਼ਤਰਨਾਕ ਅਪਰਾਧੀ ਵਿਨੇ ਤਿਆਗੀ 'ਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਹਮਲੇ 'ਚ ਵਿਨੈ ਤਿਆਗੀ ਅਤੇ ਪੁਲਸ ਕਾਫਲੇ 'ਚ ਸ਼ਾਮਲ 2 ਕਾਂਸਟੇਬਲ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ।

ਫਲਾਈਓਵਰ ਦੇ ਕੋਲ ਵਾਪਰੀ ਘਟਨਾ 

ਸੂਤਰਾਂ ਅਨੁਸਾਰ ਇਹ ਵਾਰਦਾਤ ਲਕਸਰ ਫਲਾਈਓਵਰ ਦੇ ਕੋਲ ਵਾਪਰੀ। ਜਦੋਂ ਸਪੈਸ਼ਲ ਵਨ ਪੁਲਸ ਫੋਰਸ ਦੀ ਸਖ਼ਤ ਸੁਰੱਖਿਆ ਹੇਠ ਅਪਰਾਧੀ ਨੂੰ ਲਕਸਰ ਅਦਾਲਤ ਲਿਜਾਇਆ ਜਾ ਰਿਹਾ ਸੀ, ਤਾਂ ਉੱਥੇ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਅਣਪਛਾਤੇ ਹਮਲਾਵਰਾਂ ਨੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਅਚਾਨਕ ਹੋਈ ਗੋਲੀਬਾਰੀ ਕਾਰਨ ਇਲਾਕੇ 'ਚ ਹਫੜਾ-ਦਫੜੀ ਮਚ ਗਈ।

ਹਸਪਤਾਲ 'ਚ ਦਾਖਲ, ਹਾਲਤ ਨਾਜ਼ੁਕ 

ਗੋਲੀਬਾਰੀ 'ਚ ਜ਼ਖ਼ਮੀ ਹੋਏ ਵਿਨੇ ਤਿਆਗੀ ਅਤੇ ਦੋਵੇਂ ਪੁਲਸ ਮੁਲਾਜ਼ਮਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਵਿਨੇ ਤਿਆਗੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਉੱਚ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ।

ਪੁਲਸ ਸੁਰੱਖਿਆ 'ਤੇ ਉੱਠੇ ਸਵਾਲ 

ਇਸ ਘਟਨਾ ਨੇ ਪੁਲਸ ਦੇ ਸੁਰੱਖਿਆ ਪ੍ਰਬੰਧਾਂ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ, ਕਿਉਂਕਿ ਇਲਾਕੇ 'ਚ ਨਾਕਾਬੰਦੀ ਹੋਣ ਦੇ ਬਾਵਜੂਦ ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਣ 'ਚ ਸਫਲ ਰਹੇ। ਘਟਨਾ ਤੋਂ ਬਾਅਦ ਪੂਰੇ ਹਰਿਦੁਆਰ ਜ਼ਿਲ੍ਹੇ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਸ ਨੇ ਫਰਾਰ ਹਮਲਾਵਰਾਂ ਦੀ ਭਾਲ ਲਈ ਪੂਰੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਵਾਹਨਾਂ ਦੀ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

DIsha

Content Editor

Related News