ਭਾਰਤ ਨਾਲ ਜੁੜੇ ਸਿਡਨੀ ਫਾਇਰਿੰਗ ਮਾਮਲੇ ਦੇ ਤਾਰ ! ਪੁਲਸ ਦੇ ਬਿਆਨ ਨੇ ਮਚਾ''ਤੀ ਵੱਡੀ ਹਲਚਲ
Tuesday, Dec 16, 2025 - 05:22 PM (IST)
ਨੈਸ਼ਨਲ ਡੈਸਕ- ਬੀਤੇ ਦਿਨੀਂ ਆਸਟ੍ਰੇਲੀਆ ਦੇ ਸਿਡਨੀ ਸਥਿਤ ਬੋਂਡੀ ਬੀਚ 'ਤੇ ਯਹੂਦੀਆਂ ਦੇ ਸਮਾਗਮ 'ਚ ਹੋਈ ਫਾਇਰਿੰਗ, ਜਿਸ 'ਚ ਘੱਟੋ-ਘੱਟ 15 ਲੋਕ ਮਾਰੇ ਗਏ ਸਨ, ਦੇ ਤਾਰ ਹੁਣ ਭਾਰਤ ਨਾਲ ਜੁੜਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਤੇਲੰਗਾਨਾ ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਆਸਟ੍ਰੇਲੀਆ ਵਿੱਚ ਪਿਛਲੇ ਹਫਤੇ ਦੇ ਅੰਤ ਵਿੱਚ ਬੌਂਡੀ ਬੀਚ ਗੋਲੀਬਾਰੀ ਦੇ ਸ਼ੱਕੀਆਂ ਵਿੱਚੋਂ ਇੱਕ ਸਾਜਿਦ ਅਕਰਮ ਮੂਲ ਰੂਪ ਵਿੱਚ ਹੈਦਰਾਬਾਦ ਦਾ ਰਹਿਣ ਵਾਲਾ ਹੈ।
ਪੁਲਸ ਨੇ ਕਿਹਾ ਕਿ ਸਾਜਿਦ 27 ਸਾਲ ਪਹਿਲਾਂ ਆਸਟ੍ਰੇਲੀਆ ਚਲਾ ਗਿਆ ਸੀ ਅਤੇ ਹੈਦਰਾਬਾਦ ਵਿੱਚ ਰਹਿਣ ਵਾਲੇ ਆਪਣੇ ਪਰਿਵਾਰ ਨਾਲ ਉਸ ਦਾ ਕਾਫ਼ੀ ਘੱਟ ਸੰਪਰਕ ਹੁੰਦਾ ਸੀ। ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਦੇ ਦਫ਼ਤਰ ਦੁਆਰਾ ਜਾਰੀ ਇੱਕ ਬਿਆਨ ਦੇ ਅਨੁਸਾਰ, ਸਾਜਿਦ ਅਤੇ ਉਸ ਦੇ ਪੁੱਤਰ ਨਵੀਦ ਅਕਰਮ ਦੇ ਕੱਟੜਪੰਥੀ ਬਣਨ ਦੇ ਪਿੱਛੇ ਦੇ ਕਾਰਕ ਭਾਰਤ ਜਾਂ ਤੇਲੰਗਾਨਾ ਵਿੱਚ ਕਿਸੇ ਸਥਾਨਕ ਪ੍ਰਭਾਵ ਨਾਲ ਜੁੜੇ ਨਹੀਂ ਜਾਪਦੇ।
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਸਾਜਿਦ ਨੇ ਹੈਦਰਾਬਾਦ ਤੋਂ ਆਪਣੀ ਬੀ.ਕਾਮ. ਪੂਰੀ ਕੀਤੀ ਅਤੇ ਫਿਰ ਨਵੰਬਰ 1998 ਵਿੱਚ ਰੁਜ਼ਗਾਰ ਦੀ ਭਾਲ ਵਿੱਚ ਆਸਟ੍ਰੇਲੀਆ ਚਲਾ ਗਿਆ। ਇਸ ਮਗਰੋਂ ਉਸ ਦਾ ਵਿਆਹ ਉੱਥੇ ਹੀ ਹੋਇਆ ਤੇ ਉਸ ਦਾ ਇਕ ਪੁੱਤਰ ਨਵੀਦ ਅਕਰਮ ਹੋਇਆ। ਪਿਛਲੇ ਦਿਨੀਂ ਆਸਟ੍ਰੇਲੀਆ 'ਚ ਹੋਈ ਇਸ ਫਾਇਰਿੰਗ 'ਚ ਉਨ੍ਹਾਂ ਦੋਵਾਂ ਨੇ ਯਹੂਦੀਆਂ ਦੇ ਹਨੁੱਕਾ ਸਮਾਗਮ 'ਚ ਅੰਨ੍ਹੇਵਾਹ ਫਾਇਰਿੰਗ ਕਰ ਕੇ ਘੱਟੋ-ਘੱਟ 15 ਲੋਕਾਂ ਦੀ ਜਾਨ ਲੈ ਲਈ ਸੀ, ਜਦਕਿ ਪੁਲਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ 'ਚ ਨਵੀਦ ਅਕਰਮ ਨੂੰ ਢੇਰ ਕਰ ਦਿੱਤਾ ਗਿਆ ਸੀ, ਜਦਕਿ ਸਾਜਿਦ ਨੂੰ ਗੋਲ਼ੀ ਲੱਗਣ ਮਗਰੋਂ ਜ਼ਖ਼ਮੀ ਹਾਲਤ 'ਚ ਪੁਲਸ ਨੇ ਕਾਬੂ ਕਰ ਲਿਆ ਸੀ।
