ਨਸ਼ੀਲੀਆਂ ਗੋਲੀਆਂ ਸਮੇਤ ਤਲਵਾੜਾ ਪੁਲਸ ਵੱਲੋਂ ਇਕ ਵਿਅਕਤੀ ਕਾਬੂ
Wednesday, Dec 24, 2025 - 01:55 PM (IST)
ਤਲਵਾੜਾ (ਜੋਸ਼ੀ) : ਤਲਵਾੜਾ ਪੁਲਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਖਿਲਾਫ਼ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ.ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਹੈ ਕਿ ਤਲਵਾੜਾ ਪੁਲਸ ਦੇ ਏ.ਐੱਸ.ਆਈ. ਓਮ ਪ੍ਰਕਾਸ਼ ਜੋ ਆਪਣੀ ਪੁਲਸ ਪਾਰਟੀ ਨਾਲ ਸ਼ੱਕੀ ਪੁਰਸ਼ਾਂ ਖਿਲਾਫ਼ ਗਸ਼ਤ ਤੇ ਚੈਕਿੰਗ ਦੇ ਸਬੰਧ ਵਿਚ ਤਲਵਾੜਾ ਤੋਂ ਟੈਰਸ ਰੋੜ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਨੇੜੇ ਗੈਸ ਗੋਦਾਮ ਤੋਂ ਥੋੜਾ ਅੱਗੇ ਪੁੱਜੀ ਤਾਂ ਸੜਕ ਪੁੱਲ ਦੇ ਸੱਜੇ ਪਾਸੇ ਤੋਂ ਇਕ ਵਿਅਕਤੀ ਕੱਚੇ ਰਸਤੇ ਸੜਕ ਵੱਲ ਨੂੰ ਆਉਂਦਾ ਦਿਖਾਈ ਦਿੱਤਾ ਜੋ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਜਿਸ ਨੂੰ ਰੁਕਣ ਲਈ ਆਵਾਜ਼ ਮਾਰੀ ਤਾਂ ਉਸ ਵਿਅਕਤੀ ਨੇ ਇਕ ਵਜ਼ਨਦਾਰ ਚਿੱਟੇ ਰੰਗ ਦਾ ਮੋਮੀ ਲਿਫਾਫਾ ਪਾਈ ਹੋਈ ਪੈਂਟ ਦੀ ਜੇਬ ਵਿਚੋਂ ਕੱਢ ਕੇ ਨੇੜੇ ਹੀ ਝਾੜੀਆਂ ਵਿਚ ਸੁੱਟ ਦਿੱਤਾ। ਜਿਸ ਨੂੰ ਏ.ਐੱਸ.ਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ।
ਪੁਲਸ ਮੁਤਾਬਕ ਉਕਤ ਨੇ ਆਪਣਾ ਨਾਮ ਰਾਜਪਾਲ ਉਰਫ ਗੱਜਣ ਪੁੱਤਰ ਰਾਜੂ ਵਾਸੀ ਜੋੜਾ ਫਾਟਕ ਪਿੰਡ ਕਲਰ ਥਾਨਾਂ ਮਕੀਮਪੁਰਾ ਜ਼ਿਲਾ ਅੰਮ੍ਰਿਤਸਰ ਹਾਲ ਵਾਸੀ ਝੁੱਗੀਆਂ ਟੈਰਸ ਰੋੜ ਤਲਵਾੜਾ ਦੱਸਿਆ । ਏ.ਐੱਸ.ਆਈ ਨੇ ਸਾਥੀ ਕਰਮਚਾਰੀਆਂ ਦੀ ਹਾਜ਼ਰੀ ਵਿਚ ਸੁੱਟੇ ਹੋਏ ਮੋਮੀ ਲਿਫਾਫੇ ਨੂੰ ਚੁੱਕ ਕੇ ਚੈਕ ਕੀਤਾ ਤਾਂ ਉਸ ਵਿੱਚੋਂ 132 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਤਲਵਾੜਾ ਪੁਲਸ ਨੇ ਰਾਜਪਾਲ ਉਰਫ ਗੱਜਣ ਖਿਲਾਫ਼ ਐੱਨ.ਡੀ.ਪੀ.ਐੱਸ.ਐਕਟ ਦੇ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
