ਵਿਦਿਆਰਥੀ ਬਣਾ ਰਹੇ ਸਨ ਰੀਲ, ਅਚਾਨਕ ਚੱਲ ਗਈ ਗੋਲੀ ਤੇ ਫਿਰ...
Friday, Nov 22, 2024 - 11:13 PM (IST)
ਕੋਲਕਾਤਾ - ਪੱਛਮੀ ਬੰਗਾਲ ਦੇ ਮਾਲਦਾ ਜ਼ਿਲੇ ਦੇ ਕਾਲਿਆਚਕ ’ਚ ਸ਼ੁੱਕਰਵਾਰ ਆਪਣੇ ਦੋਸਤ ਨਾਲ ਸੋਸ਼ਲ ਮੀਡੀਆ ’ਤੇ ਰੀਲ (ਵੀਡੀਓ) ਬਣਾਉਣ ਦੌਰਾਨ ਅਚਾਨਕ ਗੋਲੀ ਲੱਗਣ ਨਾਲ ਇਕ ਨਾਬਾਲਗ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਦੋਵੇਂ ਅੱਠਵੀਂ ਜਮਾਤ ਦੇ ਵਿਦਿਆਰਥੀ ਸਨ ਅਤੇ ‘ਟਿਕਟਾਕ’ ਲਈ ਰੀਲ ਬਣਾ ਰਹੇ ਸਨ। ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਉਹ ਡਰ ਗਏ। ਦਰਵਾਜ਼ਾ ਖੋਲ੍ਹਣ ’ਤੇ ਉਨ੍ਹਾਂ ਵੇਖਿਆ ਕਿ ਉਨ੍ਹਾਂ ਦਾ ਇਕ ਸਾਥੀ ਖੂਨ ਨਾਲ ਲੱਥਪੱਥ ਫਰਸ਼ ’ਤੇ ਪਿਆ ਹੈ। ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮ੍ਰਿਤਕ ਦੀ ਪਛਾਣ ਸੈਫੁਲ ਇਸਲਾਮ (13) ਵਜੋਂ ਹੋਈ ਹੈ। ਉਹ ਕਾਲੀਆਚੱਕ ਥਾਣੇ ਅਧੀਨ ਪੈਂਦੇ ਸ੍ਰੀਰਾਮਪੁਰ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਨਾਬਾਲਗ ਪਿਸਤੌਲ ਨਾਲ ਰੀਲ ਬਣਾ ਰਿਹਾ ਸੀ ਇਸ ਦੌਰਾਨ ਅਚਾਨਕ ਗੋਲੀ ਚੱਲ ਗਈ ਅਤੇ ਉਸ ਦੇ ਸਿਰ ਵਿੱਚ ਜਾ ਵੱਜੀ, ਜਿਸ ਨਾਲ ਉਸ ਦੀ ਮੌਤ ਹੋ ਗਈ।