UP ; ਤੰਗ ਕਰ ਰਿਹਾ ਸੀ ਕਾਲਜ ਪ੍ਰਸ਼ਾਸਨ ! ਅੱਕ ਕੇ ਵਿਦਿਆਰਥੀ ਨੇ ਜੋ ਕੀਤਾ, ਦੇਖ ਸਾਰਿਆਂ ਨੂੰ ਪਈਆਂ ਭਾਜੜਾਂ
Saturday, Nov 08, 2025 - 05:11 PM (IST)
ਨੈਸ਼ਨਲ ਡੈਸਰ : ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਬੁਢਾਣਾ ਸਥਿਤ ਡੀਏਵੀ ਕਾਲਜ ਵਿੱਚ ਸ਼ੁੱਕਰਵਾਰ ਨੂੰ ਇੱਕ ਵਿਦਿਆਰਥੀ ਵੱਲੋਂ ਕਲਾਸਰੂਮ ਵਿੱਚ ਖੁਦ ਨੂੰ ਅੱਗ ਲਗਾਉਣ ਦੀ ਘਟਨਾ ਤੋਂ ਬਾਅਦ ਹੜਕੰਪ ਮਚ ਗਿਆ। ਵਿਦਿਆਰਥੀ ਦੀ ਪਛਾਣ ਉੱਜਵਲ ਰਾਣਾ ਵਜੋਂ ਹੋਈ ਹੈ।
ਉੱਜਵਲ ਰਾਣਾ ਨੇ ਹਸਪਤਾਲ ਵਿੱਚ ਦਿੱਤੇ ਇੱਕ ਕਥਿਤ ਬਿਆਨ ਵਿੱਚ ਪ੍ਰਿੰਸੀਪਲ ਅਤੇ ਪੁਲਸ 'ਤੇ ਹੈਰਾਸਮੈਂਟ ਦੇ ਦੋਸ਼ ਲਾਏ ਹਨ। ਵਿਦਿਆਰਥੀ ਦੇ ਸਾਥੀਆਂ ਅਨੁਸਾਰ ਉੱਜਵਲ ਨੇ ਇਹ ਕਦਮ ਲੇਟ ਫੀਸ ਨੂੰ ਲੈ ਕੇ ਪ੍ਰਿੰਸੀਪਲ ਦੁਆਰਾ ਕਥਿਤ ਬੇਇੱਜ਼ਤੀ ਅਤੇ ਕੁੱਟਮਾਰ ਕੀਤੇ ਜਾਣ ਤੋਂ ਦੁਖੀ ਹੋ ਕੇ ਚੁੱਕਿਆ। ਦੱਸਿਆ ਜਾ ਰਿਹਾ ਹੈ ਕਿ ਫੀਸ ਜਮ੍ਹਾਂ ਨਾ ਹੋਣ ਕਾਰਨ ਉੱਜਵਲ ਨੂੰ ਕਲਾਸ ਵਿੱਚ ਨਹੀਂ ਬੈਠਣ ਦਿੱਤਾ ਜਾ ਰਿਹਾ ਸੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਦੌਰਾਨ ਉਸ ਨਾਲ ਕਥਿਤ ਤੌਰ 'ਤੇ ਸਖ਼ਤ ਵਿਵਹਾਰ ਕੀਤਾ ਗਿਆ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ।
ਸ਼ੁੱਕਰਵਾਰ ਨੂੰ ਉੱਜਵਲ ਕਲਾਸ ਵਿੱਚ ਆਇਆ ਤੇ ਅਚਾਨਕ ਆਪਣੇ ਉੱਪਰ ਜਲਣਸ਼ੀਲ ਪਦਾਰਥ ਪਾ ਕੇ ਅੱਗ ਲਗਾ ਲਈ। ਮੌਕੇ 'ਤੇ ਮੌਜੂਦ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਕਿਸੇ ਤਰ੍ਹਾਂ ਅੱਗ ਬੁਝਾਈ ਅਤੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ।
ਵਿਦਿਆਰਥੀ ਦੀ ਹਾਲਤ ਸਥਿਰ, ਪੁਲਸ ਜਾਂਚ ਵਿੱਚ ਜੁੱਟੀ:
ਉੱਜਵਲ ਦੀ ਸਥਿਤੀ ਫਿਲਹਾਲ ਹਸਪਤਾਲ ਵਿੱਚ ਸਥਿਰ ਦੱਸੀ ਜਾ ਰਹੀ ਹੈ। ਪੁਲਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਵੱਲੋਂ ਲਗਾਏ ਗਏ ਦੋਸ਼ਾਂ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ। ਪੁਲਸ ਨੇ ਕਾਲਜ ਕੈਂਪਸ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਵਿਦਿਆਰਥੀ ਦੇ ਸਾਥੀਆਂ ਦੇ ਬਿਆਨ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਦੂਜੇ ਪਾਸੇ, ਕਾਲਜ ਪ੍ਰਬੰਧਨ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਅਸਲ ਸਥਿਤੀ ਦੀ ਜਾਂਚ ਤੋਂ ਬਾਅਦ ਹੀ ਕੋਈ ਬਿਆਨ ਦੇਣਗੇ।
