ਵਿਦਿਆਰਥੀਆਂ ਨੇ ਲਈ ਮੁੰਡੇ ਦੀ ਜਾਨ, ਸਕੂਲ ਪ੍ਰਬੰਧਨ ਨੇ ਕੈਂਪਸ ''ਚ ਦਫਨਾ ਦਿੱਤੀ ਲਾਸ਼
Thursday, Mar 28, 2019 - 03:46 PM (IST)

ਦੇਹਰਾਦੂਨ— ਦੇਹਰਾਦੂਨ ਦੇ ਨਜ਼ਦੀਕੀ ਰਿਸ਼ੀਕੇਸ਼ ਕੋਲ ਇਕ ਬੋਰਡਿੰਗ ਸਕੂਲ 'ਚ ਪੜ੍ਹਨ ਵਾਲੇ 7ਵੀਂ ਜਮਾਤ ਦੇ ਇਕ ਵਿਦਿਆਰਥੀ ਦੀ ਉਸ ਦੇ ਸੀਨੀਅਰ ਵਿਦਿਆਰਥੀਆਂ ਨੇ ਕੁੱਟ-ਕੁੱਟ ਕੇ ਜਾਨ ਲੈ ਲਈ ਅਤੇ ਮਾਮਲੇ ਨੂੰ ਲੁਕਾਉਣ ਲਈ ਸਕੂਲ ਪ੍ਰਬੰਧਨ ਨੇ ਲਾਸ਼ ਨੂੰ ਕੈਂਪਸ 'ਚ ਹੀ ਦਫਨਾ ਦਿੱਤਾ। ਦੇਹਰਾਦੂਨ ਦੀ ਸੀਨੀਅਰ ਪੁਲਸ ਕਮਿਸ਼ਨਰ ਨਿਵੇਦਿਤਾ ਕੁਕਰੇਤੀ ਨੇ ਦੱਸਿਆ ਕਿ ਇਹ ਘਟਨਾ 10 ਮਾਰਚ ਨੂੰ ਹੋਈ ਸੀ ਪਰ ਉਤਰਾਖੰਡ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਦਖਲ ਤੋਂ ਬਾਅਦ ਇਸ ਬਾਰੇ ਪਤਾ ਲੱਗਾ।
ਮ੍ਰਿਤਕ ਦੀ ਚੋਰੀ ਕਾਰਨ ਸਾਰੇ ਵਿਦਿਆਰਥੀਆਂ ਨੂੰ ਮਿਲੀ ਸਜ਼ਾ
ਨਿਵੇਦਿਤਾ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਹਾਪੁੜ ਦੇ ਰਹਿਣ ਵਾਲੇ 12 ਸਾਲਾ ਵਿਦਿਆਰਥੀ ਵਾਸੂ ਯਾਦਵ ਦੀ ਉਸ ਦੇ ਸੀਨੀਅਰ ਵਿਦਿਆਰਥੀਆਂ ਨੇ ਕ੍ਰਿਕਟ ਬੈੱਟ ਅਤੇ ਵਿਕਟਾਂ ਨਾਲ ਜੰਮ ਕੇ ਕੁੱਟਮਾਰ ਕੀਤੀ। ਉਨ੍ਹਾਂ ਦਾ ਮੰਨਣਾ ਸੀ ਕਿ ਵਾਸੂ ਕਾਰਨ ਸਕੂਲ ਪ੍ਰਬੰਧਨ ਨੇ ਸਾਰੇ ਵਿਦਿਆਰਥੀਆਂ 'ਤੇ ਕੈਂਪਸ ਤੋਂ ਬਾਹਰ ਜਾਣ 'ਤੇ ਰੋਕ ਲੱਗਾ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤ ਵਿਦਿਆਰਥੀ ਨੇ ਇਕ ਆਊਟਿੰਗ ਦੌਰਾਨ ਰਸਤੇ 'ਚ ਪੈਣ ਵਾਲੀ ਇਕ ਦੁਕਾਨ ਤੋਂ ਬਿਸਕੁਟ ਚੋਰੀ ਕਰ ਲਿਆ ਸੀ, ਜਿਸ ਦੀ ਸ਼ਿਕਾਇਤ ਦੁਕਾਨਦਾਰ ਨੇ ਸਕੂਲ ਸਟਾਫ ਨੂੰ ਕੀਤੀ। ਇਸ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਸਜ਼ਾ ਦਿੰਦੇ ਹੋਏ ਸਾਰੇ ਵਿਦਿਆਰਥੀਆਂ ਦੇ ਕੈਂਪਸ ਤੋਂ ਬਾਹਰ ਜਾਣ 'ਤੇ ਰੋਕ ਲੱਗਾ ਦਿੱਤੀ ਸੀ।
ਮ੍ਰਿਤਕ ਦੇ ਮਾਤਾ-ਪਿਤਾ ਨੂੰ ਨਹੀਂ ਕੀਤਾ ਗਿਆ ਸੂਚਿਤ
10 ਮਾਰਚ ਦੁਪਹਿਰ ਨੂੰ ਵਿਦਿਆਰਥੀ ਨੂੰ ਉਸ ਦੇ ਸੀਨੀਅਰ ਵਿਦਿਆਰਥੀਆਂ ਨੇ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਇਸ ਘਟਨਾ ਦਾ ਪਤਾ ਦੇਰ ਸ਼ਾਮ ਲੱਗਾ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਵਿਦਿਆਰਥੀ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਬਾਰੇ ਪੁਲਸ ਨੂੰ ਸੂਚਿਤ ਕਰਨ ਦੀ ਬਜਾਏ ਸਕੂਲ ਦੇ ਅਧਿਕਾਰੀਆਂ ਦੇ ਲੜਕੇ ਦੀ ਲਾਸ਼ ਨੂੰ ਕੈਂਪਸ 'ਚ ਹੀ ਦਫਨਾ ਦਿੱਤਾ ਅਤੇ ਮਾਮਲਾ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ। ਸਕੂਲ ਪ੍ਰਬੰਧਨ ਨੇ ਇਸ ਬਾਰੇ ਹਾਪੁੜ 'ਚ ਰਹਿਣ ਵਾਲੇ ਵਿਦਿਆਰਥੀ ਦੇ ਮਾਤਾ-ਪਿਤਾ ਨੂੰ ਵੀ ਸੂਚਿਤ ਨਹੀਂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਕੂਲ ਪ੍ਰਬੰਧਨ, ਵਾਰਡਨ, ਸਰੀਰਕ ਕਸਰਤ ਅਧਿਆਪਕ ਅਤੇ ਸਕੂਲ ਦੇ 2 ਵਿਦਿਆਰਥੀਆਂ ਨੂੰ ਇਸ ਘਟਨਾ ਦੇ ਸੰਬੰਧ 'ਚ ਗ੍ਰਿਫਤਾਰ ਕਰ ਕੇ ਉਨ੍ਹਾਂ ਵਿਰੁੱਧ ਭਾਰਤੀ ਸਜ਼ਾ ਦੀ ਧਾਰਾ 302 ਸਮੇਤ ਹੋਰ ਧਾਰਾਵਾਂ 'ਚ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ 26 ਮਾਰਚ ਨੂੰ ਖੋਦਾਈ ਕਰ ਕੇ ਬੱਚੇ ਦੀ ਲਾਸ਼ ਬਾਹਰ ਕੱਢੀ ਅਤੇ ਉਸ ਦੀ ਮੌਤ ਦਾ ਸਹੀ ਕਾਰਨ ਜਾਣਨ ਦੇ ਮਕਸਦ ਨਾਲ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ।